ਅੰਮ੍ਰਿਤਸਰ :ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋਕੇ ਹਿੰਦੂ ਯਾਤਰੀਆਂ ਦਾ ਇਕ ਜੱਥਾ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਕਟਾਸਰਾਜ ਦੀ ਯਾਤਰਾ ਲਈ ਰਵਾਨਾ ਹੋਇਆ ਹੈ। ਇਹ ਜਥਾ ਦੁਰਗਿਆਣਾ ਮੰਦਿਰ ਤੋਂ ਪਾਕਿਸਤਾਨ ਵਿੱਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ ਹੈ। ਜਾਣਕਾਰੀ ਮੁਤਾਬਿਕ ਕੁੱਲ 115 ਦੇ ਕਰੀਬ ਹਿੰਦੂ ਯਾਤਰੀਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਪਾਕਿਸਤਾਨੀ ਦੂਤਾਵਾਸ ਤੋਂ 68 ਯਾਤਰੀਆਂ ਨੂੰ ਹੀ ਪਾਕਿਸਤਾਨ ਜਾਣ ਦਾ ਵੀਜ਼ਾ ਮਿਲਿਆ ਹੈ।
ਵੀਜ਼ਾ ਪ੍ਰਣਾਲੀ ਸਰਲ ਕਰਨ ਦੀ ਅਪੀਲ: ਰਵਾਨਗੀ ਤੋਂ ਪਹਿਲਾਂ ਗੱਲਬਾਤ ਕਰਦਿਆਂ ਹਿੰਦੂ ਯਾਤਰੀਆਂ ਨੇ ਦਸਿਆ ਕਿ ਪਾਕਿਸਤਾਨ ਵਿੱਚ ਕਟਾਸਰਾਜ ਦੀ ਯਾਤਰਾ ਸ਼ਿਵ ਬੋਲੇ ਨਾਥ ਜੀ ਦੇ ਮੰਦਿਰ ਦੇ ਦਰਸ਼ਨ ਕਰਨ ਅਤੇ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਹੀ ਜਥਾ ਪਾਕਿਸਤਾਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਿਲਕੁਲ ਮੌਕੇ ਉੱਤੇ ਵੀਜ਼ਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਹਫ਼ਤਾ ਪਹਿਲਾਂ ਵੀਜ਼ਾ ਮਿਲਿਆ ਹੁੰਦਾ ਤਾਂ ਸਾਰੇ ਸਹੀ ਤਰੀਕੇ ਨਾਲ ਆਪਣੀ ਤਿਆਰੀ ਕਰ ਸਕਦੇ ਸਨ। ਇਸ ਨਾਲ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ਼ਰਧਾਲੂਆਂ ਨੇ ਦੋਵਾਂ ਸਰਕਾਰਾਂ ਨੂੰ ਵੀਜ਼ਾ ਪ੍ਰਣਾਲੀ ਨੂੰ ਸਰਲ ਕਰਨ ਦੀ ਅਪੀਲ ਕੀਤੀ ਹੈ। ਤਾਂਕਿ ਜੋ ਵੀ ਸ਼ਰਧਾਲੂ ਪਾਕਿਸਤਾਨ ਜਾਂ ਭਾਰਤ ਵਿਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨਾਂ ਚਾਹੁੰਦਾ ਹੈ ਉਸਨੂੰ ਕੋਈ ਪਰੇਸ਼ਾਨੀ ਨਾ ਹੋਵੇ।