ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਜਿੱਥੇ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ, ਉੱਥੇ ਹੀ ਸਰਹੱਦੀ ਇਲਾਕਿਆਂ ਵਿੱਚ ਨਸ਼ੇ ਨੂੰ ਰੋਕਣ ਲਈ ਬੀਐਸਐਫ ਲਗਾਤਾਰ ਹੀ ਸਰਚ ਆਪਰੇਸ਼ਨ ਕਰ ਰਹੀ ਹੈ। ਜਿਸਦੇ ਚੱਲਦੇ ਅੱਜ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀ ਅਤੇ ਕਈ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਹਨਾਂ ਵੱਲੋਂ ਬਾਰਡਰ ਸਿਕਿਓਰਿਟੀ ਅਤੇ ਸਰਹੱਦ ਪਾਰੋਂ ਆਉਂਦੇ ਨਸ਼ੇ ਦੇ ਮੁੱਦੇ ਦੇ ਉੱਤੇ ਵਿਚਾਰ ਕੀਤੀ ਗਈ।
ਬਾਰਡਰ ਸਿਕਿਓਰਿਟੀ ਦੇ ਮੱਦੇਨਜ਼ਰ ਹਈਲੈਵਲ ਮੀਟਿੰਗ, NIA ਨੇ ਪੰਜਾਬ ਪੁਲਿਸ ਨਾਲ ਮਿਲ ਕੇ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਕੀਤੀ ਰੇਡ - ਬਾਰਡਰ ਸਿਕਿਓਰਿਟੀ ਦੇ ਮੱਦੇਨਜ਼ਰ ਹਈਲੈਵਲ ਮੀਟਿੰਗ
ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ,ਬੀਐੱਸਐੱਫ ਅਤੇ ਕੇਂਦਰੀ ਏਜੰਸੀਆਂ ਨੇ ਇੱਕ ਸਾਂਝੀ ਮੀਟਿੰਗ ਬਾਰਡਰ ਸੁਰੱਖਿਆ ਨੂੰ ਲੈਕੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਰਡਰ ਦੀ ਸੁਰੱਖਿਆ ਲਈ 20 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ।
ਸਥਾਨਕਵਾਸੀਆਂ ਦਾ ਮੰਗਿਆ ਸਾਥ:ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ADGP ਲਾਅ ਏਨ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਬੀਐਸਐਫ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਜੋ ਕਿ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੀਐਸਐਫ ਨਾਲ ਤਾਲਮੇਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚੋਂ ਆ ਰਹੇ ਨਸ਼ੇ ਨੂੰ ਰੋਕਣ ਦੇ ਲਈ ਜੇਕਰ ਕੋਈ ਸਥਾਨਕਵਾਸੀ ਪੁਲਿਸ ਨੂੰ ਜਾਣਕਾਰੀ ਦਿੰਦਾ ਹੈ ਤਾਂ ਪੁਲਿਸ ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇ ਦੇਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਡਰੋਨ ਦੀ ਜਾਣਕਾਰੀ ਦੇਵੇਗਾ ਤਾਂ ਪੁਲਿਸ ਉਸ ਨੂੰ ਵੀ ਇਨਾਮ ਦੇਵੇਗੀ ਅਤੇ ਬੀਐਸਐਫ ਵੱਲੋਂ ਵੀ ਵੱਖਰੇ ਤੌਰ ਉੱਤੇ ਉਸ ਨੂੰ ਇਨਾਮ ਦਿੱਤਾ ਜਾਵੇਗਾ।
ਬਾਰਡਰ ਉੱਤੇ ਹਾਈਟੈੱਕ ਸਿਕਿਓਰਿਟੀ ਦਾ ਪ੍ਰਬੰਧ: ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਬਾਰਡਰ ਦੀ ਸੁਰੱਖਿਆ ਦੇ ਲਈ 20 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ 20 ਕਰੋੜ ਦੀ ਇਸ ਰਾਸ਼ੀ ਨਾਲ ਬਾਰਡਰ ਦੀ ਸੁਰੱਖਿਆ ਹੋਰ ਪੁਖਤਾ ਹੋਵੇਗੀ। ਨਾਲ ਹੀ ਉਨ੍ਹਾਂ ਇਹ ਕਿਹਾ ਕਿ ਕਰੋੜਾਂ ਰੁਪਏ ਦੀ ਰਾਸ਼ੀ ਦੀ ਸਹਾਇਤਾ ਨਾਲ ਬਾਰਡਰ ਉੱਤੇ ਹਾਈਟੈੱਕ ਸਿਕਿਓਰਿਟੀ ਦਾ ਪ੍ਰਬੰਧ ਕੀਤਾ ਜਾਵੇਗਾ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਬਾਰਡ ਦੀ ਨਿਗਰਾਨੀ ਲਈ ਨਾਈਟ ਵਿਜ਼ਨ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਅੱਜ NIA ਦੀ ਟੀਮ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਮਿਲ ਕੇ ਗੈਂਗਸਟਰ ਦੇ 100 ਤੋਂ ਵੱਧ ਟਿਕਾਣਿਆਂ ਦੇ ਉੱਪਰ ਰੇਡ ਕੀਤਾ ਗਿਆ ਹੈ। ਨਾਲ ਹੀ ਆਖ਼ਿਰ ਵਿੱਚ ਉਹਨਾਂ ਕਿਹਾ ਕਿ 2019 ਦੌਰਾਨ ਡਰੋਨ ਫੜਨ ਵਿੱਚ ਪੁਲਿਸ ਅਤੇ BSF ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਕਿਸੇ ਵੀ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ।