ਅੰਮ੍ਰਿਤਸਰ : ਭਾਵੇਂ ਕਿ ਕੇਂਦਰ ਸਰਕਾਰ ਜਲ੍ਹਿਆਂਵਾਲਾ ਬਾਗ਼ ਦਾ 100 ਵੀਂ ਵਰ੍ਹੇਗੰਢ ਮਨਾ ਰਹੀ ਹੈ ਪਰ ਜਿੰਨ੍ਹਾਂ ਪਰਿਵਾਰਾਂ ਦੇ ਆਪਣੇ ਇਸ ਖ਼ੂਨੀ ਸਾਕੇ ਵਿੱਚ ਸ਼ਹੀਦ ਹੋਏ ਉਨ੍ਹਾਂ ਦੇ ਦਿਲਾਂ ਵਿੱਚ ਸਰਕਾਰ ਪ੍ਰਤੀ ਅਜੇ ਤੱਕ ਗੁੱਸਾ ਹੈ। ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਾਕੇ ਵਿੱਚ ਮਾਰੇ ਗਏ ਉਹਨਾਂ ਦੇ ਮੈਂਬਰਾਂ ਨੂੰ ਅਜੇ ਤੱਕ ਵੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇੰਨ੍ਹਾਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਹਨ ਪਰ ਉਹਨਾਂ ਵਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਅਜੇ ਤੱਕ ਨਹੀਂ ਮਿਲਿਆ।
ਜਲ੍ਹਿਆਂਵਾਲਾ ਬਾਗ ਗੋਲੀਕਾਂਡ: ਮਾਰੇ ਗਏ ਲੋਕਾਂ ਨੂੰ ਅਜੇ ਤੱਕ ਨਹੀਂ ਮਿਲਿਆ ਸ਼ਹੀਦਾਂ ਦਾ ਦਰਜਾ
ਸੂਬਾ ਸਰਕਾਰ ਅਜ਼ਾਦੀ ਲਹਿਰ ਵੇਲੇ ਜਲ੍ਹਿਆਂਵਾਲਾ ਬਾਗ਼ ਦੇ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ 100ਵੀਂ ਵਰ੍ਹੇਗੰਢ ਮਨਾ ਰਹੀ ਹੈ, ਪਰ ਇਸ ਦੇ ਉਲਟ ਉਸ ਦੌਰਾਨ ਸਾਕੇ ਵਿੱਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੇ ਪੁਰਖਿਆਂ ਨੂੰ ਸ਼ਹੀਦ ਤਾਂ ਦੂਰ ਅਜ਼ਾਦੀ ਘੁਲਾਟੀਏ ਦੇ ਦਰਜ਼ਾ ਵੀ ਨਹੀਂ ਦੇ ਸਕੀ।
ਸੁਨੀਲ ਕਪੂਰ ਪਿਛਲੇ ਲੰਬੇ ਸਮੇਂ ਤੋਂ ਜਲ੍ਹਿਆਂਵਾਲਾ ਬਾਗ਼ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਹੀਦਾਂ ਦਾ ਦਰਜ਼ਾ ਦਿਵਾਉਣ ਲਈ ਯਤਨਸ਼ੀਲ ਹਨ ਪਰ ਸਿਵਾਏ ਨਿਰਾਸ਼ਾ ਦੇ ਅੱਜ ਤੱਕ ਹੱਥ ਕੁਝ ਨਹੀਂ ਲੱਗਾ। ਸੁਨੀਲ ਦੇ ਪੜਦਾਦਾ ਲਾਲਾ ਵਾਸੂ ਮੱਲ ਕਪੂਰ ਜਲ੍ਹਿਆਂਵਾਲਾ ਬਾਗ਼ ਸਾਕੇ ਵਿੱਚ ਮਾਰੇ ਗਏ ਸਨ ਤੇ ਆਪਣੀ ਪੜਦਾਦੀ ਵਲੋਂ ਸੁਣਾਏ ਗਏ ਅੱਖੀਂ ਦੇਖੇ ਦ੍ਰਿਸ਼ਾਂ ਨੂੰ ਅਜੇ ਤੱਕ ਨਹੀਂ ਭੁਲਾ ਪਾਏ । ਸੁਨੀਲ ਦਾ ਕਹਿਣਾ ਹੈ ਕਿ ਸਰਕਾਰ ਸ਼ਹੀਦਾਂ ਦੀ 100ਵੀਂ ਵਰ੍ਹੇ ਗੰਢ ਮਨਾ ਰਹੀ ਹੈ ਪਰ ਅਜੇ ਤੱਕ ਮਾਰੇ ਗਏ ਲੋਕ ਨੂੰ ਸ਼ਹੀਦਾਂ ਦਾ ਦਰਜ਼ਾ ਦੇਣਾ ਤਾਂ ਦੂਰ ਦੀ ਗੱਲ ਹੈ ਅਜੇ ਤੱਕ ਅਜ਼ਾਦੀ ਘੁਲਾਟੀਏ ਤੱਕ ਦਾ ਦਰਜ਼ਾ ਨਹੀਂ ਦਿੱਤਾ ਹੈ।