ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਰਾਹੁਲ ਗਾਂਧੀ ਪਹੁੰਚੇ ਹਨ। ਉਥੇ ਹੀਵੱਖ-ਵੱਖ ਪਾਰਟੀਆਂ ਵੱਲੋਂ ਚੰਨੀ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੰਮ੍ਰਿਤਸਰ ਫੇਰੀ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਾਂਗਰਸ ਦੇ ਮੁੱਖ ਮੰਤਰੀ ਬਾਰੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚਾਹੇ ਢਾਈ-ਢਾਈ ਸਾਲ ਦੀ ਬਜਾਏ ਹਫ਼ਤੇ ’ਚ ਇਕ ਦਿਨ ਚੰਨੀ ਤੇ ਇਕ ਦਿਨ ਸਿੱਧੂ ਨੂੰ ਮੁੱਖ ਮੰਤਰੀ ਬਣਾ ਦੇਣ ਤੇ 7ਵੇਂ ਦਿਨ ਲਈ ਟਾਸ ਕਰ ਲੈਣ ਪਰ ਉਹ ਪੰਜਾਬ ਦਾ ਕੁੱਝ ਭਲਾ ਨਹੀਂ ਕਰ ਸਕਦੇ।
ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ 'ਤੇ ਸਾਧੇ ਨਿਸ਼ਾਨੇ
ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਅਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸਸ਼ੀਲ ਨੀਤੀ ਦੇ ਨਾਲ ਪੰਜਾਬ ਵਿੱਚ ਚੋਣਾਂ ਲੜ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ, ਜਿਸ ਵਿੱਚ ਸਾਨੂੰ ਸ੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਬਿਲਕੁਲ ਨਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ 'ਤੇ ਦੇਸ਼ ਭਰ ਦੇ 5 ਸੂਬਿਆਂ ਵਿੱਚ ਚੋਣ ਲੜ ਰਹੇ ਹਨ, ਜਿੱਥੇ ਉਮੀਦਵਾਰਾਂ ਨੂੰ ਜਨਤਾ ਦਾ ਪੂਰਨ ਸਮਰਥਨ ਮਿਲ ਰਿਹਾ ਹੈ। ਪੰਜਾਬ ਵਿੱਚ ਲੋਕ ਕਾਂਗਰਸ ਸਰਕਾਰ ਦੇ 5 ਸਾਲ ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਅੱਕੇ ਦਿਖਾਈ ਦੇ ਰਹੇ ਹਨ।
ਕੇਜਰੀਵਾਲ 'ਤੇ ਸਾਧੇ ਨਿਸ਼ਾਨੇ
ਕੇਜਰੀਵਾਲ ਵੱਲੋਂ ਮਹਾਂਮਾਰੀ ਸਮੇਂ ਦਿੱਲੀ ਵਿੱਚ ਮੁਹੱਲਾ ਕਲੀਨਿਕ ਦੀ ਹਵਾ ਨਿਕਲਦੀ ਦਿਖਾਈ ਦਿੱਤੀ ਹੈ। ਜਿਸਦੇ ਚੱਲਦੇ ਲੋਕ ਹਾਹਾਕਾਰ ਕਰ ਰਹੇ ਸਨ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਦਿੱਲੀ ਦੇ ਲੋਕਾਂ ਦੀ ਸਾਰ ਲਈ ਸੀ, ਇਸ ਕਾਰਨ ਹੁਣ ਜਰੂਰਤ ਹੈ। ਪੰਜਾਬ ਵਿੱਚ ਮਜਬੂਤ ਸਰਕਾਰ ਦੇਣ ਦੀ ਜੋ ਕੇਵਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦੇ ਸਕਦੇ ਹਨ।