ਅੰਮ੍ਰਿਤਸਰ: ਸ਼ਹੀਦਾਂ ਦੇ ਸਿਰਤਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਪੂਰੀ ਦੁਨੀਆ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੀ ਹੈ।
ਸੰਗਤ ਇਸ ਮੌਕੇ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਭਰ ਰਹੀ ਹੈ। ਸ਼ਹੀਦੀ ਦਿਹਾੜੇ ਉੱਤੇ ਸੰਗਤ ਸਰੋਵਰ ਵਿੱਚ ਇਸਨਾਨ ਕਰ ਮੱਥਾ ਟੇਕ ਰਹੀ ਹੈ। ਇਸ ਮੌਕੇ ਦਰਬਾਰ ਸਾਹਿਬ ਵਿੱਚ ਛਬੀਲ ਵੀ ਲਗਾਈ ਗਈ ਹੈ ਤੇ ਸੰਗਤ ਨੂੰ ਵਰਤਾਈ ਜਾ ਰਹੀ ਹੈ।
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲਿਖਿਆ ਕਿ, ਅਕਾਲ ਪੁਰਖ ਦੇ ਹਰ ਭਾਣੇ ਨੂੰ ‘ਤੇਰਾ ਕੀਆ ਮੀਠਾ ਲਾਗੈ” ਕਹਿ ਕੇ ਮੰਨਣ ਵਾਲੇ, ਸਿੱਖ ਧਰਮ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਣ ਵਾਲੇ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਦੇ ਪਹਿਲੇ ਸ਼ਹੀਦ ਹਨ, ਅਤੇ ਉਨ੍ਹਾਂ ਤੋਂ ਪ੍ਰੇਰਿਤ ਹੁੰਦਿਆਂ ਸਿੱਖ ਕੌਮ ਨੇ ਹੱਕ, ਸੱਚ ਅਤੇ ਧਰਮ ਦੀ ਰਾਖੀ ਲਈ ਜੂਝਣ ਦਾ ਬੇਮਿਸਾਲ ਇਤਿਹਾਸ ਲਿਖਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਸਤਿਕਾਰ ਸਹਿਤ ਪ੍ਰਣਾਮ।
ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਵਿੱਚ ਲਿਖਿਆ, ਸ਼ਹੀਦ ਕਾਰਵਾਂ ਦੇ ਮੀਰ, ਤੱਤੀ ਤਵੀ 'ਤੇ ਬੈਠ ਕੇ ਸ਼ਹੀਦੀ ਦੇਣ ਵਾਲੇ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਪਾਦਨ ਕੀਤਾ ਅਤੇ ਸਮੁੱਚੀ ਲੋਕਾਈ ਨੂੰ ਸੱਚ ਦਾ ਮਾਰਗ ਪ੍ਰਦਾਨ ਕੀਤਾ। ਪੰਚਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ 'ਤੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ।