ਅੰਮ੍ਰਿਤਸਰ: ਫੋਟੋ ਨੂੰ ਵੇਖ ਕੇ ਪੇਂਟਿੰਗ ਕਰਨੀ ਤਾਂ ਬਹੁਤ ਅਸਾਨ ਹੈ, ਪਰ ਕਾਲਪਨਿਕ ਸੋਚ ਉੱਤੇ ਪੇਂਟਿੰਗ ਕਰਨੀ ਜਾਂ ਫੋਟੋ ਬਣਾਉਣੀ ਬਹੁਤ ਹੀ ਔਖੀ ਹੈ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਅਜਿਹੇ ਚਿੱਤਰਕਾਰ ਦੀ ਜੋ ਆਪਣੀ ਚਿੱਤਰ-ਕਲਾ ਦੇ ਨਾਲ-ਨਾਲ ਸਿੱਖੀ ਦਾ ਵੀ ਪ੍ਰਚਾਰ ਕਰ ਰਿਹਾ ਹੈ।
ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਸ਼ਰਨ ਸਿੰਘ ਜਿੱਥੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਬਣਾਉਦਾ ਹੈ, ਉਥੇ ਹੀ ਗੁਰਸ਼ਰਨ ਸਿੰਘ ਵਿੱਚ ਇੱਕ ਅਜਿਹਾ ਹੁਨਰ ਹੈ ਕਿ ਉਹ ਸਿੱਖ ਇਤਿਹਾਸ ਨੂੰ ਪੜ੍ਹ ਕੇ ਆਪਣੀ ਸੋਚ ਮੁਤਾਬਕ ਓਹੀ ਤਸਵੀਰ ਬਣਾ ਦਿੰਦਾ ਹੈ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਕਰਨ ਦਾ ਸ਼ੌਕ ਸੀ। ਜਦੋਂ ਮੈਂ ਗੁਰੂਧਾਮਾਂ ਦੀ ਯਾਤਰਾ ਕਰਦਾ ਸੀ ਅਤੇ ਵੱਡੇ-ਵੱਡੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਸੀ ਤਾਂ ਵੱਡੀਆਂ-ਵੱਡੀਆਂ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਲੱਗੀਆਂ ਦੇਖਦਾ ਸੀ। ਮੇਰੇ ਮਨ ਵਿੱਚ ਇਹ ਸਵਾਲ ਉੱਠਦਾ ਸੀ ਕਿ ਇਹ ਤਸਵੀਰਾਂ ਕਿਸ ਤਰ੍ਹਾਂ ਬਣਦੀਆਂ ਹਨ ਤੇ ਮੈਂ ਇਸ ਬਾਰੇ ਸੋਚਣਾ ਤੇ ਸਮਝਣਾ ਸ਼ੁਰੂ ਕੀਤਾ। ਜਦੋਂ ਮੈਨੂੰ ਇਸ ਬਾਰੇ ਸਮਝ ਆਈ ਤਾਂ ਮੈਂ ਕੰਧ ਉੱਤੇ ਤਸਵੀਰ ਬਨਾਉਣੀ ਸ਼ੁਰੂ ਕੀਤੀ ਤੇ ਮੇਰੇ ਘਰ ਦੇ ਮੈਨੂੰ ਗੁੱਸੇ ਹੋਣ ਲੱਗ ਪਏ ਕਿ ਕੀ ਤੂੰ ਕੰਧਾਂ ਨੂੰ ਖ਼ਰਾਬ ਕਰਦਾ ਰਹਿਣਾ।