ਅਗਵਾ ਕਾਂਡ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ
ਅੰਮ੍ਰਿਤਸਰ : ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਪਰਿਵਾਰ ਦੇ ਦੋ ਬੱਚਿਆਂ ਨੂੰ ਅਗਵਾ ਕਰਨ ਦੀ ਘਟਨਾ ਤੋਂ ਬਾਅਦ ਹੁਣ ਪਰਿਵਾਰ ਨੇ ਪੰਜਾਬ ਦੇ ਕਾਨੂੰਨ ਪ੍ਰਬੰਧ ਉੱਤੇ ਵੱਡੇ ਸਵਾਲ ਚੁੱਕੇ ਹਨ। ਇਸਦੇ ਨਾਲ ਹੀ ਕਿਹਾ ਹੈ ਕਿ ਉਹ ਪੰਜਾਬ ਛੱਡਣ ਲਈ ਮਜ਼ਬੂਰ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ 2 ਬੱਚਿਆਂ ਨੂੰ ਅਗਵਾ ਕਰਨ ਤੋਂ ਬਾਅਦ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ। ਕਈ ਬਾਰ ਦਰਬਾਰ ਸਾਹਿਬ ਮੱਥਾ ਟੇਕਦਿਆਂ ਦੀ ਵੀਡੀਓ ਵੀ ਬਣੀ ਹੈ। ਇਸ ਤੋਂ ਸਾਫ ਜਾਹਿਰ ਹੈ ਕਿ ਉਨ੍ਹਾਂ ਦਾ ਕੋਈ ਪਿੱਛਾ ਕਰ ਰਿਹਾ ਹੈ।
ਪਰਿਵਾਰ ਨੂੰ ਕੀਤਾ ਜਾ ਰਿਹਾ ਟਾਰਗੇਟ :ਪੀੜਤ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ 140 ਸਾਲ ਪੁਰਾਣੀ ਫਰਮ ਭਾਈ ਚਤਰ ਸਿੰਘ ਜੀਵਨ ਸਿੰਘ ਵਲੋਂ ਧਾਰਮਿਕ ਪੁਸਤਕਾਂ ਅਤੇ ਗੁਟਕਾ ਸਾਹਿਬ ਛਾਪਣ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਤੋਂ ਪਰਿਵਾਰ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਘੀ 18 ਅਪ੍ਰੈਲ ਨੂੰ ਹਾਈਕੋਰਟ ਵੱਲੋਂ ਡੀਜੀਪੀ ਨੂੰ ਇਸ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਵੀ ਹੁਕਮ ਦਿੱਤਾ ਗਿਆ ਸੀ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਪਰਿਵਾਰ ਨੇ ਕਿਹਾ ਕਿ ਜੇਕਰ ਸੁਰੱਖਿਆ ਨਾ ਮਿਲੀ ਤਾਂ ਉਹ ਪੰਜਾਬ ਛੱਡਣ ਲਈ ਮਜ਼ਬੂਰ ਹੋਣਗੇ। ਪਰਿਵਾਰ ਨੇ ਇਸਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਗਵੰਤ ਮਾਨ ਨੂੰ ਸੰਬੋਧਿਤ ਟਵੀਟ ਵੀ ਕੀਤਾ ਹੈ।
ਰਣਜੀਤ ਐਵੇਨੀਉ 'ਚ ਵਾਪਰੀ ਘਟਨਾ :ਦਰਅਸਲ ਬੀਤੇ ਕੱਲ੍ਹ ਅੰਮ੍ਰਿਤਸਰ ਵਿੱਚ ਗੁਰਬਾਣੀ ਦੀ ਪ੍ਰਿੰਟਿੰਗ ਕਰਨ ਵਾਲੇ ਭਾਈ ਚਤਰ ਸਿੰਘ ਜੀਵਨ ਸਿੰਘ ਪਰਿਵਾਰ ਦੇ ਲੜਕੇ ਨੂੰ ਬੁੱਧਵਾਰ ਰਾਤ ਅਗਵਾ ਕਰ ਲਿਆ ਗਿਆ ਸੀ। ਘਟਨਾ ਰਣਜੀਤ ਐਵੇਨਿਊ ਸਥਿਤ ਕੇਐਫਸੀ ਰੈਸਟੋਰੈਂਟ ਦੇ ਬਾਹਰ ਵਾਪਰੀ। ਕਾਰਨ ਆਟੋਮੈਟਿਕ ਹੋਣ ਕਾਰਨ ਬਾਈਪਾਸ ਨਜ਼ਦੀਕ ਰੁਕ ਗਈ, ਜਿਸ ਤੋਂ ਬਾਅਦ ਪੁੱਤਰ ਅਤੇ ਕਾਰ ਨੂੰ ਥਾਣਾ ਰਣਜੀਤ ਐਵੀਨਿਊ ਵਿਖੇ ਲਿਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਸ ਦੇ ਦੋਵੇਂ ਲੜਕੇ ਰਣਜੀਤ ਐਵੀਨਿਊ ਵਿਖੇ ਖਾਣਾ ਲੈਣ ਆਏ ਸਨ। ਦੋਵੇਂ ਪੁੱਤਰ ਕਾਰ ਵਿੱਚ ਹੀ ਸਨ, ਜਦੋਂ ਦੋ ਅਗਵਾਕਾਰ ਕਾਰ ਵਿੱਚ ਆ ਕੇ ਬੈਠ ਗਏ। ਉਨ੍ਹਾਂ ਦਾ ਇੱਕ ਪੁੱਤਰ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ, ਪਰ ਦੂਜੇ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਉਸ ਨੂੰ ਅਗਵਾ ਕਰ ਕੇ ਕਾਰ ਸਮੇਤ ਲੈ ਗਏ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਾਰ ਆਟੋਮੈਟਿਕ ਸੀ ਅਤੇ ਇਸ ਵਿੱਚ ਟਰੈਕਰ ਵੀ ਸੀ, ਜਿਸ ਕਾਰਨ ਬਾਈਪਾਸ 'ਤੇ ਇਨ-ਆਊਟ ਬੇਕਰੀ ਕੋਲ ਪਹੁੰਚਦੇ ਹੀ ਕਾਰ ਰੁਕ ਗਈ। ਅਗਵਾਕਾਰ ਬੇਟੇ ਅਤੇ ਕਾਰ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਬੇਟਾ ਕਾਰ ਲੈ ਕੇ ਵਾਪਸ ਕੇਐਫਸੀ ਪਹੁੰਚਿਆ ਅਤੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਪਰਿਵਾਰ ਗਰਮ ਖਿਆਲੀ ਸੰਸਥਾਵਾਂ ਦਾ ਨਿਸ਼ਾਨਾ :ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਗਰਮ ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਿਹਾ ਹੈ। ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਉਸ ਦੀ ਪ੍ਰਿੰਟਿੰਗ ਪ੍ਰੈਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਪਰਿਵਾਰ ਨੇ ਸੁਰੱਖਿਆ ਲਈ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਕਈ ਵਾਰ ਚਿੱਠੀ ਲਿਖੀ ਹੈ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਜੇਕਰ ਇਹੀ ਹਾਲਤ ਰਹੀ ਤਾਂ ਸਾਰਾ ਪਰਿਵਾਰ ਪੰਜਾਬ ਛੱਡਣ ਲਈ ਮਜਬੂਰ ਹੋ ਜਾਵੇਗਾ।