ਅੰਮ੍ਰਿਤਸਰ:ਆਮ ਆਦਮੀ ਪਾਰਟੀ (Aam Aadmi Party)ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਗਵਾਨ ਵਾਲਮੀਕ ਤੀਰਥ ਸਥਾਨ ਸ੍ਰੀ ਅੰਮ੍ਰਿਤਸਰ ਵਾਲਮੀਕ ਸਮਾਜ ਦਾ ਹੈ ਅਤੇ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ 'ਤੇ ਇਸ ਪਵਿੱਤਰ ਸਥਾਨ ਦਾ ਪ੍ਰਬੰਧ ਵਾਲਮੀਕ ਸਮਾਜ ਦੇ ਹਵਾਲੇ ਕੀਤਾ ਜਾਵੇਗਾ, ਤਾਂ ਜੋ ਪੂਰੀ ਰਹਿਤ ਮਰਿਆਦਾ ਮੁਤਾਬਕ ਇਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਹੋ ਸਕੇ।
'SC ਬੱਚਿਆਂ ਦੀ ਪੜ੍ਹਾਈ ਲਈ ਸਿੱਖਿਆ ਦਾ ਪ੍ਰਬੰਧ'
ਕੇਜਰੀਵਾਲ ਨੇ ਨਾਲ ਹੀ ਕਿਹਾ ਕਿ ਐਸ.ਸੀ ਵਰਗ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ(Providing good education for children) , ਕੱਚੇ ਸਫ਼ਾਈ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸੀਵਰੇਜ਼ ਸਾਫ਼ ਕਰਨ ਵਾਲਿਆਂ ਨੂੰ ਆਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ।ਇਹ ਐਲਾਨ ਅਰਵਿੰਦ ਕੇਜਰੀਵਾਲ ਨੇ ਨਵੇਂ ਸਾਲ ਦੇ ਪਹਿਲੇ ਦਿਨ ਭਗਵਾਨ ਵਾਲਮੀਕ ਤੀਰਥ ਸਥਾਨ 'ਤੇ ਮੱਥੇ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।
'ਵੈਸ਼ਨੂੰ ਦੇਵੀ ਮੰਦਿਰ ਦੀ ਘਟਨਾ ਦੁੱਖਦਾਈ'
ਇਸ ਮੌਕੇ ਕੇਜਰੀਵਾਲ ਨੇ ਮਾਤਾ ਵੈਸ਼ਨੂੰ ਦੇਵੀ ਮੰਦਰ ਵਿੱਚ ਵਾਪਰੀ ਦੁੱਖਦਾਈ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ 'ਆਪ' ਸੁਪਰੀਮੋਂ ਦੇ ਨਾਲ ਸਨ।
'ਆਪ ਬਾਬਾ ਸਾਹਿਬ ਦਾ ਸੁਫ਼ਨਾ ਪੂਰਾ ਕਰੇਗੀ'
ਕੇਜਰੀਵਾਲ ਸ਼ਨੀਵਾਰ ਨੂੰ ਭਗਵਾਨ ਵਾਲਮੀਕਿ ਤੀਰਥ ਸਥਾਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਉਨਾਂ ਭਾਗਵਾਨ ਵਾਲਮੀਕਿ ਜੀ ਦੀ ਪ੍ਰਤਿਭਾ 'ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਅਤੇ ਪੰਜਾਬ ਸਮੇਤ ਦੇਸ਼ ਦੀ ਸੁੱਖ- ਸਮਰਿਧੀ ਲਈ ਬੇਨਤੀ ਕੀਤੀ। ਭਗਵਾਨ ਵਾਲਮੀਕਿ ਜੀ ਨੇ ਲਵ-ਕੁਸ਼ ਨੂੰ ਚੰਗੀ ਸਿੱਖਿਆ ਦਿੱਤੀ ਸੀ। ਭਗਵਾਨ ਵਾਲਮੀਕਿ ਜੀ ਸਿੱਖਿਆ ਨੂੰ ਬਹੁਤ ਮਹੱਤਵ ਦਿੰਦੇ ਸਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੀ ਹਰ ਇੱਕ ਬੱਚੇ ਨੂੰ ਚੰਗੀ ਸਿੱਖਿਆ ਦੇਣ 'ਤੇ ਜ਼ੋਰ ਦਿੰਦੇ ਸਨ।ਪਿੱਛਲੇ 70 ਸਾਲਾਂ ਵਿੱਚ ਬਾਬਾ ਸਾਹਿਬ ਦਾ ਇਹ ਸੁਫ਼ਨਾ ਪੂਰਾ ਨਹੀਂ ਹੋਇਆ। ਪਰ ਆਮ ਆਦਮੀ ਪਾਰਟੀ ਬਾਬਾ ਸਾਹਿਬ ਦਾ ਇਹ ਸੁਫ਼ਨਾ ਪੂਰਾ ਕਰੇਗੀ।
'ਸਿੱਖਿਆ ਦਾ ਪੂਰਾ ਮੌਕਾ ਦੇਵੇਗੀ'
ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਐਸ.ਸੀ ਵਰਗ ਦੇ ਇੱਕ- ਇੱਕ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦੇਣ ਦੀ ਗਰੰਟੀ ਮੇਰੀ ਹੈ। ਜਿਹੋ- ਜਿਹੀ ਸਿੱਖਿਆ ਅਮੀਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀ ਹੈ, ਉਹੋ ਜਿਹੀ ਸਿੱਖਿਆ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਦਿੱਤੀ ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਭਗਵਾਨ ਵਾਲਮੀਕਿ ਤੀਰਥ ਸਥਾਨ ਦੇ ਪ੍ਰਬੰਧ ਲਈ ਬਣਾਇਆ ਗਿਆ ਸਰਕਾਰੀ ਸ਼ਰਾਇਨ ਬੋਰਡ ਭੰਗ ਕੀਤਾ ਜਾਵੇਗਾ ਅਤੇ ਇਸ ਸਥਾਨ ਦਾ ਪ੍ਰਬੰਧ ਸਮਾਜ ਦੀ ਕਮੇਟੀ ਹਵਾਲੇ ਕੀਤੇ ਜਾਵੇਗਾ।
'ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ'
ਪੰਜਾਬ ਦੇ ਸਫ਼ਾਈ ਕਰਮਚਾਰੀਆਂ ਬਾਰੇ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਸਫ਼ਾਈ ਕਰਮਚਾਰੀ ਕਠਿਨ ਪ੍ਰਸਥਿਤੀਆਂ ਵਿੱਚ ਕੰਮ ਕਰਦੇ ਹਨ ਅਤੇ ਉਨਾਂ ਦੀ ਨੌਕਰੀ ਵੀ ਕੱਚੀ ਹੈ। ਠੇਕੇਦਾਰ ਉਨਾਂ ਨੂੰ ਲੁੱਟਦੇ ਹਨ, ਪਰ 'ਆਪ' ਦੀ ਸਰਕਾਰ ਬਣਨ 'ਤੇ ਸਾਰੇ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇਗਾ।
ਉਨਾਂ ਐਲਾਨ ਕੀਤਾ ਕਿ ਗੰਦੇ ਨਾਲਿਆਂ (ਸੀਵਰੇਜ਼) ਦੀ ਸਫ਼ਾਈ ਕਰਦਿਆਂ ਕਈ ਵਾਰ ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਜਾਂਦੀ ਹੈ। ਅਜਿੀਆਂ ਦੁਰਘਟਨਾਵਾਂ ਨੂੰ ਰੋਕਣ ਲਈ 'ਆਪ' ਦੀ ਪੰਜਾਬ ਸਰਕਾਰ ਸਫ਼ਾਈ ਕਰਮਚਾਰੀਆਂ ਲਈ ਅਧੁਨਿਕ ਸਫ਼ਾਈ ਮਸ਼ੀਨਾਂ ਦਾ ਪ੍ਰਬੰਧ ਕਰੇਗੀ ਅਤੇ ਇਹ ਮਸ਼ੀਨਾਂ ਸਫ਼ਾਈ ਕਰਮਚਾਰੀਆਂ ਨੂੰ ਦਿੱਤੀਆਂ ਜਾਣਗੀਆਂ। ਇਸ ਨਾਲ ਜਿੱਥੇ ਗੰਦੇ ਨਾਲਿਆਂ ਦੀ ਸਫ਼ਾਈ ਕਰਨ ਵਿੱਚ ਅਸਾਨੀ ਹੋਵੇਗੀ, ਉਥੇ ਹੀ ਸਫ਼ਾਈ ਕਰਮਚਾਰੀ ਆਪਣਾ ਬਿਜਨੈਸ਼ ਸ਼ੁਰੂ ਕਰ ਸਕਣਗੇ ਅਤੇ ਉਨਾਂ ਨੂੰ ਇੱਜਤ ਤੇ ਬਰਾਬਰੀ ਦਾ ਹੱਕ ਮਿਲੇਗਾ।
ਇਹ ਵੀ ਪੜੋ:ਨਵੇਂ ਸਾਲ ਮੌਕੇ ਸਿਆਸੀ ਆਗੂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ