ਅੰਮ੍ਰਿਤਸਰ: ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਨੂੰ ਦਰਕਿਨਾਰ ਕਰਕੇ ਆਪਣੀ ਮਰਜ਼ੀ ਦੇ ਨਾਲ ਲਵ ਮੈਰਿਜ ਕਰਾਉਣ ’ਚ ਸਭ ਤੋਂ ਅੱਗੇ ਜਾ ਰਹੀ ਹੈ ਜਿਸ ਦੇ ਚਲਦੇ ਲਵ ਮੈਰਿਜ ਲਈ ਹਾਈਕੋਰਟ ਵਿੱਚ ਸਰਟੀਫਿਕੇਟ ਲੈਣ ਤੋਂ ਪਹਿਲਾਂ ਲੜਕਾ ਲੜਕੀ ਨੂੰ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਜਾ ਕੇ ਲਾਵਾਂ ਫੇਰੇ ਲੈਣੇ ਪੈਂਦੇ ਹਨ ਅਤੇ ਹੁਣ ਹਾਈ ਕੋਰਟ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਜਿੰਨੀ ਦੇਰ ਤੱਕ ਲੜਕਾ ਲੜਕੀ ਦੇ ਪਰਿਵਾਰਕ ਮੈਂਬਰ ਸਹਿਮਤ ਨਾ ਹੋਣ ਓਨੀ ਦੇਰ ਤੱਕ ਗੁਰਦੁਆਰਾ ਜਾਂ ਮੰਦਿਰ ਦੇ ਵਿੱਚ ਵਿਆਹ ਨਹੀਂ ਹੋ ਸਕਦਾ।
ਇਨ੍ਹਾਂ ਸਾਰੇ ਹੁਕਮਾਂ ਨੂੰ ਛਿੱਕੇ ਟੰਗ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਜ਼ਨਸ ਬਣਾ ਕੇ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ ਗਲਤ ਢੰਗ ਨਾਲ ਲੜਕੇ ਲੜਕੀਆਂ ਦੇ ਵਿਆਹ (gurdwara opened in his house) ਧੜੱਲੇ ਨਾਲ ਕਰਵਾਏ ਜਾ ਰਹੇ ਸਨ। ਇਸ ਸਬੰਧੀ ਮੁਹੱਲਾ ਵਾਸੀਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਤਾਂ ਫਿਰ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਪਾਇਆ ਗਿਆ ਕਿ ਅਸਲ ਵਿਚ ਵੀ ਇਹ ਗ੍ਰੰਥੀ ਸਿੰਘ ਵੱਲੋਂ ਚੰਦ ਪੈਸਿਆਂ ਦੀ ਖਾਤਰ ਗੁਰਦੁਆਰਾ ਸਾਹਿਬ ਦੇ ਅੰਦਰ ਗਲਤ ਢੰਗ ਨਾਲ ਲੜਕੇ ਲੜਕੀਆਂ ਦੇ ਵਿਆਹ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਹੀ ਕਰਵਾਏ ਜਾ ਰਹੇ (illegal marriages of boys and girls in the gurdwara ) ਸਨ।
ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਣ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਨਜ਼ਦੀਕੀ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਜਾ ਕੇ ਸੁਸ਼ੋਭਿਤ ਕਰਵਾਏ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦੇ ਸਿੱਖ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਘਰ ਦੇ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਰੱਖਿਆ ਹੋਇਆ ਹੈ ਤੇ ਇਸ ਗ੍ਰੰਥੀ ਸਿੰਘ ਵੱਲੋਂ ਲਵ ਮੈਰਿਜ ਕਰਵਾਉਣ ਵਾਲੇ ਲੜਕੇ ਲੜਕੀਆਂ ਦੇ ਅਨੰਦ ਕਾਰਜ ਚੰਦ ਪੈਸਿਆਂ ਦੀ ਖਾਤਿਰ ਇੱਥੇ ਕਰਵਾਏ ਜਾ ਰਹੇ ਸਨ ਜੋ ਕਿ ਕਾਨੂੰਨੀ ਤੌਰ ’ਤੇ ਵੀ ਗਲਤ ਹੈ ਅਤੇ ਗੁਰੂ ਸਹਿਬਾਨ ਦੀ ਮਰਜ਼ੀ ਦੇ ਵੀ ਖ਼ਿਲਾਫ਼ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦੇ ਅੱਜ ਇਨ੍ਹਾਂ ਵੱਲੋਂ ਇੱਥੇ ਅੱਗੇ ਜਾਂਚ ਕੀਤੀ ਗਈ ਤਾਂ ਇਸ ਗੁਰਦੁਆਰੇ ਦੇ ਗ੍ਰੰਥੀ ਨੇ ਮੰਨਿਆ ਕਿ ਉਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੱਥੇ ਗ਼ਲਤ ਤਰੀਕੇ ਨਾਲ ਵਿਆਹ ਕਰਵਾਏ ਜਾ ਰਹੇ ਹਨ ਜਿਸ ਤੋਂ ਬਾਅਦ ਪਰਮਜੀਤ ਸਿੰਘ ਅਕਾਲੀ ਹੁਣਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਖ਼ਿਲਾਫ਼ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਜੋ ਸ਼੍ਰੋਮਣੀ ਕਮੇਟੀ ਨੇ ਇੰਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਤੇ ਹਨ ਉਹ ਕਿਤੇ ਲਾਪਤਾ 328 ਸਰੂਪਾਂ ਵਿੱਚੋਂ ਇਹ ਸਰੂਪ ਤਾਂ ਨਹੀਂ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।