ਅੰਮ੍ਰਿਤਸਰ :ਵਿਦੇਸ਼ ਜਾਣ ਦੀ ਚਾਹ ਵਿਚ ਨੌਜਵਾਨ ਮਿਹਨਤਾਂ ਕਰਦੇ ਹਨ, ਪੜ੍ਹਾਈਆਂ ਅਤੇ ਡਿਗਰੀਆਂ ਲੈਂਦੇ ਹਨ, ਪਰ ਅੰਮ੍ਰਿਤਸਰ ਦੇ ਨੇੜਲੇ ਪਿੰਡ ਬੱਗਾ ਕਲਾਂ ਤਹਿਸੀਲ ਅਜਨਾਲਾ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ। ਦਰਅਸਲ ਸ਼ਹਿਰ ਵਿਚ ਰਹਿਣ ਵਾਲੇ ਇਕ ਪਰਿਵਾਰ ਵਿੱਚ ਬਜ਼ੁਰਗ ਜੋਗਿੰਦਰ ਕੌਰ ਦਾ ਕਤਲ ਹੋ ਗਿਆ। ਜਦੋਂ ਇਸ ਮੌਤ ਦੀ ਤਫਤੀਸ਼ ਕੀਤੀ ਗਈ ਤਾਂ ਹਰ ਇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਰਅਸਲ ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਬਜ਼ੁਰਗ ਦੇ ਪੋਤਰੇ ਨੇ ਹੀ ਕੀਤਾ ਸੀ। ਜਾਣਕਾਰੀ ਮੁਤਾਬਿਕ ਦੇਰ ਰਾਤ ਇੱਕ ਨੌਜਵਾਨ ਵੱਲੋ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਬਜ਼ੁਰਗ ਦਾਦੀ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਨਤੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬੱਗਾ ਕਲਾਂ ਥਾਣਾਂ ਰਾਜਾਸਾਂਸੀ, ਜੋ ਕਿ ਨਸ਼ੇ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੀ ਦਾਦੀ ਜੋਗਿੰਦਰ ਕੌਰ ਪਤਨੀ ਦਾਰਾ ਸਿੰਘ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ। ਜਦੋਂ ਦਾਦੀ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਕਤ ਨੌਜਵਾਨ ਵੱਲੋ ਗੁਰੂਆਂ ਦੀ ਤਸਵੀਰਾਂ ਅੱਗੇ ਪਏ ਕਿਰਪਾਨ (ਸਿਰੀ ਸਾਹਿਬ) ਨਾਲ ਬਜ਼ੁਰਗ ਮਾਤਾ ਦਾ ਕਤਲ ਕਰ ਦਿੱਤਾ।
ਪੋਤਰੇ ਮਨਤੇਜ ਸਿੰਘ ਨੇ ਕਬੂਲ ਕੀਤਾ:ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੱਗਾ ਕਲਾਂ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਸਹੁਰੇ ਗਿਆ ਹੋਇਆ ਸੀ ਤੇ ਉਸ ਦਾ ਇੱਕ ਪੁੱਤਰ ਘਰ ਮੌਜੂਦ ਸੀ, ਤਾਂ ਪੁੱਤਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਦਾਦੀ ਮਾਤਾ ਨਾਲ ਘਟਨਾ ਵਾਪਰ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਥਾਣਾ ਰਾਜਾਸਾਸੀ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਜਦੋਂ ਮਾਤਾ ਦੇ ਪੋਤਰੇ ਮਨਤੇਜ ਸਿੰਘ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ, ਤਾਂ ਪੋਤਰੇ ਮਨਤੇਜ ਸਿੰਘ ਨੇ ਕਬੂਲ ਕੀਤਾ ਕਿ ਮੈਨੂੰ ਮੇਰੇ ਦੋਸਤ ਨੇ ਕਿਹਾ ਕਿ ਤੇਰੀ ਦਾਦੀ ਤੇਰੇ ਵਿਦੇਸ਼ ਜਾਣ ਲਈ ਰਾਜ਼ੀ ਨਹੀਂ ਹੈ, ਤਾਂ ਮੈਂ ਨਸ਼ੇ ਦੀ ਲੋਰ ਵਿੱਚ ਆ ਕੇ ਦਾਦੀ ਨੂੰ ਸ੍ਰੀ ਸਾਹਿਬ ਨਾਲ ਮਾਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ਕਰ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਤਾਂਕਿ ਇਸ ਕੋਲੋ ਹੋਰ ਜਾਣਕਾਰੀ ਹਾਸਿਲ ਹੋ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਮਾਤਾ ਜੋਗਿੰਦਰ ਕੌਰ ਦੀ ਉਮਰ 85 ਸਾਲ ਦੇ ਕਰੀਬ ਹੈ।