ਅੰਮ੍ਰਿਤਸਰ: ਅੱਜ-ਕਲ੍ਹ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਹਨ ਪਰ ਅੰਮ੍ਰਿਤਸਰ ਦੇ ਪਿੰਡ ਗੁਮਟਾਲਾ ਦਾ ਸਰਕਾਰੀ ਸਕੂਲ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਜੁਟਿਆ ਹੋਇਆ ਹੈ। ਇਸ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਨਿਵੇਕਲੇ ਤਰੀਕੇ ਤੇ ਵੀਡੀਓ ਸਕਰੀਨਿੰਗ ਰਾਹੀਂ ਪੜ੍ਹਾਈ ਕਰਾਈ ਜਾਂਦੀ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਸਕੂਲ 'ਚ ਪੜ੍ਹਾਈ ਕਰਵਾਉਣ ਦਾ ਬਹੁਤ ਹੀ ਵਧੀਆ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਹ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਸੀ ਪਰ ਉੱਥੇ ਦੀ ਪੜਾਈ ਨਾਲੋਂ ਜ਼ਿਆਦਾ ਵਧੀਆ ਪੜ੍ਹਾਈ ਐਲੀਮੈਂਟਰੀ ਸਕੂਲ 'ਚ ਕਰਵਾਈ ਜਾਂਦੀ ਹੈ।
ਸਕੂਲ ਦੀ ਅਧਿਆਪਕਾ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਸਕੂਲ 'ਚ ਪੜ੍ਹਾਈ ਰੱਟਾ ਮਾਰ ਕੇ ਨਹੀਂ ਬਲਕਿ ਖੇਡ ਵਿਧੀ ਨਾਲ ਕਰਾਈ ਜਾਂਦੀ ਹੈ, ਜਿਸ ਨਾਲ ਬੱਚਿਆਂ ਨੂੰ ਜਲਦੀ ਯਾਦ ਹੋ ਜਾਂਦਾ ਹੈ ਤੇ ਉਹ ਉਸ ਵਿਸ਼ੇ ਨੂੰ ਹਮੇਸ਼ਾ ਯਾਦ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਥੇ ਮਾਂ ਬੋਲੀ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਵੀਡੀਓ ਸਕਰੀਨਿੰਗ ਰਾਹੀਂ ਕਰਵਾਈ ਜਾਂਦੀ ਹੈ।
ਇਹ ਵੀ ਪੜ੍ਹੋ:ਮਨਪ੍ਰੀਤ ਬਾਦਲ ਨੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਮਾਰੀ ਠੱਗੀ: ਦਲਜੀਤ ਚੀਮਾ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬੱਚਿਆ ਨਾਲ ਉਸ ਭਾਸ਼ਾ 'ਚ ਰਾਬਤਾ ਕਰਨ, ਜਿਸ ਵਿਸ਼ੇ ਦੀ ਕਲਾਸ ਹੈ। ਜ਼ਿਆਦਾਤਰ ਬੱਚਿਆਂ ਨਾਲ ਪੰਜਾਬੀ 'ਚ ਗੱਲਬਾਤ ਕੀਤੀ ਜਾਂਦੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਉਣ ਤਾਂ ਜੋ ਮੁੜ ਤੋਂ ਸਰਕਾਰੀ ਸਕੂਲ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।