ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਸਬੰਧੀ ਈਟੀਵੀ ਭਾਰਤ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਫ਼ਿਊ ਕਰਕੇ ਕਾਰੋਬਾਰ ਤੇ ਸਭ ਅਦਾਰੇ ਬੰਦ ਹਨ, ਪਰ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਦੀ ਲੋੜ ਸੀ। ਸਿੱਖ ਕੌਮ ਥਾਂ-ਥਾਂ ਲੰਗਰ ਲਗਾ ਰਹੀ ਹੈ ਪਰ ਸਰਕਾਰ ਲੰਗਰ ਤੇ ਮੈਡੀਕਲ ਸਹੂਲਤਾਂ ਦੇਣ ਦੀ ਬਜਾਏ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਸਹੁੰ ਚੁੱਕੀ ਸੀ ਕਿ 4 ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ, ਕਿ ਸ਼ਰਾਬ ਨਸ਼ਾ ਨਹੀਂ ਹੈ ?
ਗਿਆਨੀ ਰਾਮ ਸਿੰਘ ਨੇ ਦੱਸਿਆ ਕਿ ਸਾਰੇ ਧਰਮਾਂ ਵਿੱਚ ਸ਼ਰਾਬ ਨੂੰ ਮਾੜਾ ਮੰਨਿਆ ਜਾਂਦਾ ਹੈ, ਇਹ ਇੱਕ ਰਾਕਸ਼ੀ ਖਾਣਾ ਹੈ। ਪੰਜਾਬ ਦੀ ਧਰਤੀ ਗੁਰੂ, ਪੀਰਾਂ, ਦੇਵਤਿਆਂ ਦੀ ਧਰਤੀ ਹੈ। ਇੱਥੇ ਅੰਮ੍ਰਿਤ ਪੈਦਾ ਹੋਇਆ ਹੈ। ਫਿਰ ਇੱਥੇ ਜ਼ਹਿਰ ਕਿਉਂ ਵੰਡਿਆ ਜਾ ਰਿਹਾ ਹੈ?
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੇਂਦਰ ਸਰਕਾਰ ਕੋਲ ਜਾ ਕੇ ਕਿਉਂ ਤਰਲੇ ਕੱਢ ਰਹੀ ਹੈ ਕਿ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ? ਗਿਆਨੀ ਰਾਮ ਸਿੰਘ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਸ਼ਰਾਬਾਂ ਦੇ ਸਹਾਰੇ ਚੱਲਦੀਆਂ ਹੋਣ, ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਹੁਣ ਸ਼ਰਾਬੀਆਂ ਦੀ ਭੀੜ ਮੌਕੇ ਕੋਈ ਕੋਰੋਨਾ ਨਹੀਂ ਹੋ ਰਿਹਾ ਤੇ ਪਹਿਲਾਂ ਸਿੱਖਾਂ ਨੂੰ ਬਦਨਾਮ ਕਰਨ ਲਈ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਿਆ ਗਿਆ।