ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।
ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣਾ ਕਰਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜਦਾ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ , ਮਾਤਾ ਕੌਲਾ ਜੀ ਭਲਾਈ ਕੇਂਦਰ ਦੇ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਨਾਲ ਸਿੱਖ ਕੌਮ ਗੁਰਬਾਣੀ ਵਿਆਕਰਣ ਦੇ ਗਿਆਤਾ ਤੋਂ ਵਾਂਝੀ ਹੋ ਗਈ ਹੈ। ਜਥੇਦਾਰ ਵੇਦਾਂਤੀ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਨ, ਉਨ੍ਹਾਂ ਦੇ ਚਲਾਣਾ ਕਰ ਜਾਣ ਨਾਲ ਸਿੱਖ ਜਗਤ ਅੰਦਰ ਖ਼ਲਾਅ ਪੈਦਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਜਥੇਦਾਰ ਵੇਦਾਂਤੀ ਨੇ ਸਾਰੀ ਉਮਰ ਗੁਰਬਾਣੀ ਵਿਆਕਰਨ ਦੇ ਪ੍ਰਚਾਰ ਪ੍ਰਸਾਰ ਵਿੱਚ ਲਗਾਈ ਅਤੇ ਕਈ ਨਵੇਂ ਸਿਖਿਆਰਥੀਆਂ ਨੂੰ ਗੁਰਬਾਣੀ ਦੀਆਂ ਗੁਝੇ ਭੇਦਾਂ ਦੀ ਵਿਆਖਿਆ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿੱਖ ਜਗਤ ਅੰਦਰ ਸੋਗ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵੇਦਾਂਤੀ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਭਿਟੇਵਿੰਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਸਰਦਾਰ ਭਗਵੰਤ ਸਿੰਘ ਸਿਆਲਕਾ ਅਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਤੇ ਅਫ਼ਸੋਸ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ:ਇਹ ਨੌਜਵਾਨ ਲੋਕਾਂ ਨੂੰ ਕਰ ਰਿਹਾ ਲਾਰੇਬਾਜ ਸਿਅਸੀ ਲੀਡਰਾਂ ਬਾਰੇ ਜਾਗਰੂਕ