ਅੰਮ੍ਰਿਤਸਰ: ਸੂਬੇ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਭਾਵੇਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਕੇ ਜੀਵਨ ਪੱਧਰ ਉੱਚਾ ਚੁੱਕਣ ਦੇ ਦਮਗਜ਼ੇ ਮਾਰਦੀਆਂ ਰਹਿੰਦੀਆਂ ਹਨ ਪਰ ਹਕੀਕਤ ਇਹ ਹੈ ਕਿ ਅੱਜ ਵੀ ਲੋਕ ਇੱਕ-ਇੱਕ ਕਮਰੇ ਵਾਲੇ ਕੱਚੇ ਘਰਾਂ ਵਿੱਚ ਜ਼ਿੰਦਗੀ ਕੱਟਣ ਲਈ ਮਜਬੂਰ ਹਨ। ਇਸ ਦੀ ਉਦਾਹਰਣ ਅੰਮ੍ਰਿਤਸਰ ਦੇ ਨੇੜਲੇ ਪਿੰਡ ਰਸੂਲਪੁਰ ਵਿਖੇ ਵੇਖਣ ਨੂੰ ਮਿਲਦੀ ਹੈ, ਜਿਥੇ ਜਰਮਨ ਸਿੰਘ ਨਾਂਅ ਦੇ ਇੱਕ ਵਿਅਕਤੀ ਦਾ ਪਰਿਵਾਰ ਕਈ ਸਾਲਾਂ ਤੋਂ ਜ਼ਮੀਨ ਵਿੱਚ ਧਸੇ ਕਮਰੇ ਅੰਦਰ ਰਹਿਣ ਲਈ ਮਜਬੂਰ ਹੈ ਪਰ ਕੋਈ ਵੀ ਸਰਕਾਰੀ ਸਹੂਲਤ ਅੱਜ ਤੱਕ ਨਹੀਂ ਮਿਲੀ ਹੈ।
ਇਸ ਮੌਕੇ ਪੀੜਤ ਜਰਮਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 15 ਸਾਲਾਂ ਤੋਂ ਇਥੇ ਇਸ ਟੁੱਟੇ ਕਮਰੇ ਵਿੱਚ ਰਹਿ ਰਿਹਾ ਹੈ। ਉਸ ਨੇ ਦੱਸਿਆ ਉਸ ਦੀ ਘਰਵਾਲੀ ਅਤੇ ਦੋ ਬੱਚੇ ਹਨ, ਇਸ ਕਮਰੇ ਦੀ ਛੱਤ ਉੱਪਰ ਲਿਫਾਫ਼ਾ ਪਾਇਆ ਹੋਇਆ ਹੈ। ਇਹ ਕਮਰਾ ਕਾਫੀ ਡੂੰਘਾ ਹੋਣ ਕਰਕੇ ਜਦੋਂ ਮੀਂਹ ਪੈਂਦਾ ਹੈ ਤਾਂ ਮੀਂਹ ਦਾ ਪਾਣੀ ਕਮਰੇ ਵਿੱਚ ਆ ਜਾਂਦਾ ਹੈ ਅਤੇ ਛੱਤ ਵਿੱਚੋਂ ਪਾਣੀ ਡਿੱਗਣ ਲੱਗਦਾ ਹੈ, ਜਿਸ ਕਰ ਕੇ ਬੱਚਿਆਂ ਨੂੰ ਗੁਆਂਢੀਆਂ ਦੇ ਘਰ ਲਿਜਾਉਣਾ ਪੈਂਦਾ ਹੈ। ਉਸ ਨੇ ਦੱਸਿਆ ਕਿ ਉਹ ਦਿਹਾੜੀਦਾਰ ਹੈ, ਦਿਹਾੜੀ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ।