ਅੰਮ੍ਰਿਤਸਰ: ਮਕਬੂਲਪੁਰਾ ਥਾਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵਿਦੇਸ਼ ਭੇਜਣ ਦੇ ਦੋਸ਼ 'ਚ 12 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਝਾਰਖੰਡ, ਦਿੱਲੀ ਤੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਜੇ ਵੀ ਕਈ ਅਜਿਹੇ ਨੌਜਵਾਨ ਹਨ ਜਿਨ੍ਹਾਂ ਦੀ ਭਾਲ 'ਚ ਥਾਣਾ ਪੁਲਿਸ ਛਾਪੇਮਾਰੀ ਕਰ ਰਹੀ ਹੈ। ਦਸ ਦਈਏ ਕਿ ਫੜੇ ਗਏ ਨੌਜਵਾਨਾਂ ਕੋਲੋਂ 22 ਲੱਖ ਰੁਪਏ ਅਤੇ 2 ਜਾਅਲੀ ਪਾਸਪੋਰਟ, ਪਿਸਤੌਲ ਬਰਾਮਦ ਹੋਏ ਹਨ।
ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਕਾਬੂ
ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵਿਦੇਸ਼ ਭੇਜਣ ਦੇ ਇਲਜ਼ਾਮ 'ਚ 12 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਗੈਂਗਸਟਰਾਂ ਨੂੰ ਵਿਦੇਸ਼ ਭੇਜਣਾ: ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਕੁਝ ਵਿਅਕਤੀਆਂ ਵੱਲੋਂ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਜਾਅਲੀ ਡਾਕੂਮੈਂਟ ਦੇ ਅਧਾਰ 'ਤੇ ਭਾਰਤੀ ਪਾਸਪੋਰਟ ਤਿਆਰ ਕਰਕੇ ਅਪਰਾਧੀ ਕਿਸਮ ਦੇ ਵਿਅਕਤੀਆਂ ਤੇ ਗੈਗਸਟਰਾਂ ਨੂੰ ਵਿਦੇਸ਼ ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਫਰਾਰ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਪੁੱਤਰ ਧਰਮ ਸਿੰਘ ਵਾਸੀ ਪਿੰਡ ਲੋਹਾਰਕਾ ਅੰਮ੍ਰਿਤਸਰ ਦਿਹਾਤੀ ਦਾ ਇਹਨਾਂ ਨੇ ਸਾਵਣ ਕੁਮਾਰ ਪੁੱਤਰ ਕਰਮ ਚੰਦ ਵਾਸੀ ਪਿੰਡ ਪਬਨਾਵਾ, ਥਾਣਾ ਡਾਂਡ, ਜ਼ਿਲ੍ਹਾ ਕੈਥਲ ਹਰਿਆਣਾ ਦੇ ਅਧਾਰ ਕਾਰਡ 'ਤੇ ਦੋਸ਼ੀ ਹਰਭੇਜ ਸਿੰਘ ਉਰਫ ਜਾਵੇਦ ਉਰਫ ਗੋਲੂ ਦੀ ਫੋਟੋ ਲਗਾਕੇ ਜਾਅਲੀ ਡਾਕੂਮੈਂਟ ਦੇ ਅਧਾਰ ਤੇ ਜਾਅਲੀ ਭਾਰਤੀ ਪਾਸਪੋਰਟ ਬਣਵਾਕੇ ਵਿਦੇਸ਼ ਭੇਜ ਦਿੱਤਾ ਹੈ।
ਵੱਡੇ ਖੁਲਾਸੇ: ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜੇ ਗਏ ਕਰੀਮਿਨਲ ਵਿਅਕਤੀ ਉੱਥੇ ਬੈਠ ਕੇ ਪੰਜਾਬ ਦੇ ਨੌਜ਼ਵਾਨਾਂ ਨੂੰ ਵਰਗਲਾ ਕੇ ਅਤੇ ਪੈਸੇ ਦਾ ਲਾਲਚ ਦੇ ਕੇ ਡਰੱਗ ਤੱਸਕਰੀ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਵਾ ਰਹੇ ਹਨ ਅਤੇ ਬਾਹਰ ਬੈਠੇ ਮੋਟਾ ਮੁਨਾਫਾ ਕਮਾ ਰਹੇ ਹਨ। ਇਸ ਗਿਰੋਹ ਵੱਲੋ ਵੱਡੇ ਪੱਧਰ 'ਤੇ ਜਾਅਲ਼ੀ ਦਸਤਾਵੇਜ਼ ਤਿਆਰ ਕਰਕੇ ਕਰੀਮਿਨਲ ਅਨਸਰਾਂ ਦੇ ਜਾਅਲੀ ਪਾਸਪੋਰਟ ਤਿਆਰ ਕਰਵਾਏ ਜਾਂਦੇ ਸਨ। ਇਸ ਸਬੰਧੀ ਪੁਲਿਸ ਹਰੇਕ ਪਹਿਲੂ ਤੋਂ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਇਸ ਮੁੱਕਦਮੇ ਵਿੱਚ ਹੋਰ ਬ੍ਰਾਮਦਗੀ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।