ਚੰਡੀਗੜ੍ਹ:ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਰੀ ਦੀ ਪੁਲਿਸ ਸੁਰੱਖਿਆ ਦੇ ਬਾਵਜੂਦ ਉਸ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪੰਜ ਗੋਲੀਆਂ ਮਾਰੀਆਂ ਗਈਆਂ। ਉਹ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ। ਗੋਲੀ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ।
ਘਟਨਾ ਦੇ ਸਮੇਂ, ਸੂਰੀ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸੀ। ਉਸੇ ਸਮੇਂ ਬਾਅਦ ਦੁਪਹਿਰ ਕਾਰ 'ਤੇ ਆਏ ਸੰਦੀਪ ਸਿੰਘ ਨੇ ਆ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸੁਧੀਰ ਸੂਰੀ ਦੀ ਛਾਤੀ ਵਿੱਚ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਾਰੀ ਘਟਨਾ ਦੀ ਜ਼ਿੰਮੇਵਾਰ ਗੈਂਗਸਟਰ ਲੰਡਾ ਹਰੀਕੇ ਨੇ ਲਈ ਹੈ।
ਗੈਂਗਸਟਰ ਲੰਡਾ ਨੇ ਪਾਈ ਪੋਸਟ: ਗੈਂਗਸਟਰ ਲੰਡਾ ਨੇ ਫੇਸਬੁੱਕ ਉੱਤੇ ਪੋਸਟ ਪਾਉਂਦਿਆ ਲਿਖਿਆ ਕਿ "ਅੱਜ ਜੋ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਦਾ ਕਤਲ ਹੋਇਆ ਹੈ, ਉਹ ਸਾਡੇ ਭਰਾਵਾਂ ਨੇ ਕੀਤਾ ਹੈ, ਤੇ ਬਾਕੀ ਵੀ ਜਿਹੜੇ ਕੌਮ ਬਾਰੇ ਜਾਂ ਕਿਸੇ ਵੀ ਧਰਮ ਬਾਰੇ ਮਾੜਾ ਬੋਲਦੇ, ਤਿਆਰੀ ਰੱਖਣ ਵਾਰੀ ਸਾਰਿਆਂ ਦੀ ਲੱਗੂਗੀ। ਸਕਿਉਰਿਟੀ ਲੈ ਕੇ ਇਹ ਨਾ ਸਮਝਣ ਕੇ ਬਚ ਜਾਣਗੇ। ਜਿਹੜੇ ਵੀ ਭਰਾ ਅੱਜ ਤੱਕ ਸਾਡੇ ਨਾਲ ਖੜ੍ਹੇ, ਜਿਨ੍ਹਾਂ ਟਾਇਮ ਸਾਡੇ ਸਾਹ ਚਲਣਗੇ, ਅਸੀਂ ਉਨ੍ਹਾਂ ਨਾਲ ਖੜਾਂਗੇ। ਅਜੇ ਤਾਂ ਸ਼ੁਰੂਆਤ ਹੋਈ ਹੈ, ਹੱਕ ਲੈਣੇ ਅਜੇ ਬਾਕੀ ਹਨ।"
'32 ਬੋਰ ਦੇ ਲਾਇਸੈਂਸੀ ਪਿਸਤੌਲ ਤੋਂ ਹੋਈ ਫਾਇਰਿੰਗ':ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅੱਤਵਾਦੀ ਘਟਨਾ ਸੀ ਜਾਂ ਕੁਝ ਹੋਰ, ਇਸ ਬਾਰੇ ਕੁਝ ਕਹਿਣਾ ਠੀਕ ਨਹੀਂ ਹੈ। ਕੀ ਇਸ ਕਤਲ ਪਿੱਛੇ ਕਿਸੇ ਸੰਗਠਨ ਦਾ ਹੱਥ ਹੈ ਜਾਂ ਇਹ ਕੋਈ ਸਾਜ਼ਿਸ਼ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਸੰਨੀ ਨੇ 32 ਬੋਰ ਦੀ ਲਾਇਸੈਂਸੀ ਪਿਸਤੌਲ ਨਾਲ 5 ਗੋਲੀਆਂ ਚਲਾਈਆਂ। ਸੂਰੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਅਜੇ ਕਹਿਣਾ ਮੁਸ਼ਕਿਲਾ ਹੈ, ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।