ਅੰਮ੍ਰਿਤਸਰ: ਜੀ-20 ਸਿਖਰ ਸੰਮੇਲਨ ਨੂੰ ਲੈ ਕੇ ਪੰਜਾਬ ਸਰਕਾਰ ਪੱਬਾਂ ਭਾਰ ਹੈ। ਇਸ ਨੂੰ ਲੈ ਕੇ ਹਰ ਪਾਸੇ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਸੇ ਨੂੰ ਲੈ ਕੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਸੁੰਦਰ ਬਣਾਉਣ 'ਤੇ ਜ਼ੋਰ ਲਗਾਇਆ ਜਾ ਰਿਹਾ ਹੈ। ਸ਼ਹਿਰ ਦੀ ਸੰੁਦਰਤਾ ਨੂੰ ਨਿਖਾਰਨ ਲਈ ਵਿਦਿਆਰਥੀਆਂ ਨੇ ਕਮਰ ਕੱਸ ਲਈ ਹੈ। ਇਸੇ ਕੜੀ ਦੇ ਤਹਿਤ ਸ਼ਹਿਰ ਦੀਆਂ ਦੀਵਾਰਾਂ ਨੂੰ ਸੰੁਦਰ ਬਣਾਇਆ ਜਾ ਰਿਹਾ ਹੈ। ਇੱਕ ਪਾਸੇ ਤਾਂ ਵਿਦਿਆਰਥੀਆਂ ਵੱਲੋਂ ਕੰਧਾਂ 'ਤੇ ਪੇਟਿੰਗ ਕਰ ਲੋਕਾਂ ਨੂੰ ਖਾਸ ਸੁਨੇਹੇ ਦਿੱਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਮੁਕਾਬਲਾ ਜਿੱਤਣ ਲਈ ਵੀ ਵਿਦਿਆਰਥੀ ਪੂਰਾ ਜ਼ੋਰ ਲਗਾ ਰਹੇ ਹਨ। ਕਾਬਲੇਜ਼ਿਕਰ ਹੈ ਕਿ ਇਹ ਪੇਟਿੰਗ ਮੁਕਾਬਲੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ। ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ।
ਵਿਦਿਆਰਥਣਾਂ ਦਾ ਕੀ ਕਹਿਣਾ: ਇਸ ਮੌਕੇ ਇਸ ਮੁਕਾਬਲੇ 'ਚ ਭਾਗ ਲੈਣ ਵਾਲੀ ਵਿਦਿਆਰਥਣ ਤ੍ਰਪਤੀ ਨੇ ਕਿਹਾ ਇਸ ਮੁਕਾਬਲੇ 'ਚ ਸ਼ਾਮਿਲ ਹੋਣ ਲਈ ਸਾਡੇ ਅਧਿਆਪਕਾਂ ਨੇ ਸਾਨੂੰ ਭੇਜਿਆ ਹੈ। ਕਈ ਵਿਸ਼ੇ ਇਸ ਲਈ ਰੱਖੇ ਗਏ ਸਨ ਪਰ ਅਸੀਂ ਕੁਦਰਤ ਵਿਸ਼ੇ ਦੀ ਚੋਣ ਕੀਤੀ, ਕਿਉਂ ਸਾਡਾ ਵਾਤਾਵਰਣ ਬਹੁਤ ਖਰਾਬ ਹੋ ਚੁੱਕਿਆ ਹੈ। ਇਸ ਪੇਟਿੰਗ ਦੇ ਜ਼ਰੀਏ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਵੱਧ ਰਹੇ ਪ੍ਰਦੂਸ਼ਣ ਦਾ ਕਾਰਨ ਜਿੱਥੇ ਹਰ ਪਲ ਮਨੁੱਖ ਲਈ ਖ਼ਤਰਾ ਵੱਧ ਰਿਹਾ ਹੈ ਉੱਥੇ ਹੀ ਪਸ਼ੂ, ਪੰਛੀਆਂ ਲਈ ਵੀ ਇਹ ਬਹੁਤ ਘਾਤਕ ਸਾਬਿਤ ਹੋ ਰਿਹਾ ਹੈ। ਅਸੀਂ ਭਾਵੇਂ ਮੁਕਾਬਲੇ 'ਚ ਹਿੱਸਾ ਲੈ ਰਹੇ ਹਾਂ ਪਰ ਉਸ ਨਾਲੋਂ ਜਿਆਦਾ ਜ਼ਰੂਰੀ ਹੈ ਕਿ ਲੋਕਾਂ ਤੱਕ ਸੁਨੇਹਾ ਜਾਣਾ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਅਤੇ ਆਪਣੇ ਵਾਤਾਵਰਣ ਨੂੰ ਕਿਵੇਂ ਬਚਾਉਣਾ ਹੈ। ਉੱਥੇ ਹੀ ਦੂਜੇ ਪਾਸੇ ਸਨੇਹਾ ਨੇ ਆਖਿਆ ਕਿ ਸਾਡੇ ਕਾਲਜ ਵਿੱਚੋਂ 4 ਵਿਦਿਆਰਥਣਾਂ ਦੀ ਟੀਮ ਨੂੰ ਇਸ ਮੁਕਾਬਲੇ ਲਈ ਭੇਜਿਆ ਗਿਆ ਹੈ। ਇਸ ਮੁਕਾਬਲੇ 'ਚ ਜਿੱਥੇ ਅਸੀਂ ਆਪਣੇ ਲੋਕਾਂ ਨੂੰ ਸੁਨੇਹਾ ਦੇ ਰਹੇ ਹਾਂ। ਉੱਥੇ ਹੀ ਬਾਹਰੋਂ ਆਉਣ ਵਾਲੇ ਡੇਲੀਗੇਸ਼ਨ ਪੰਜਾਬ ਦਾ ਸੱਭਿਆਚਾਰ ਜਾਣ ਸਕਣ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਨ। ਇਸ ਮੁਕਾਬਲੇ 'ਚ 100 ਤੋਂ ਜਿਆਦਾ ਵਿਦਿਆਰਥੀ ਭਾਗ ਲੈ ਰਹੇ ਹਨ।