ਅੰਮ੍ਰਿਤਸਰ:ਅੰਮ੍ਰਿਤਪਾਲ ਸਿੰਘ ਦੇ ਚਾਰ ਹੋਰ ਸਾਥੀਆਂ ਨੂੰ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਦਾ ਸਖਤ ਪਹਿਰਾ ਸੀ। ਅਦਾਲਤ ਵੱਲੋਂ ਇਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ। ਗੱਲਬਾਤ ਕਰਦੇ ਹੋਏ ਵਕੀਲ ਵਲੋਂ ਦੱਸਿਆ ਗਿਆ ਹੈ ਕਿ ਥਾਣਾ ਖਲਚੀਆਂ ਦੇ ਵਿਚ 26 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈ। ਉਸਦੇ ਕਾਰਣ ਹੀ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਵਲੋਂ 23 ਮਾਰਚ ਤੱਕ ਇਨ੍ਹਾਂ ਨੂੰ ਰਿਮਾਂਡ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਅਤੇ ਸੁਖਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਉੱਪਰ ਇਲਜਾਮ ਹੈ ਕਿ ਇਨ੍ਹਾਂ ਕੋਲੋ ਹਥਿਆਰ ਰਿਕਵਰ ਕੀਤੇ ਜਾਣੇ ਹਨ। ਦੂਜੇ ਪਾਸੇ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਵਿਚ ਜੋ ਹਾਲਾਤ ਚੱਲ ਰਹੇ ਹਨ ਉਹਨਾਂ ਨੂੰ ਲੈ ਕੇ ਆਈਜੀ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹਨ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਅਮਨ ਕਾਨੂੰਨ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਨਾਲ ਹੀ ਮੀਡੀਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਤੱਥ ਚੈਕ ਕਰਕੇ ਖ਼ਬਰਾਂ ਲਗਾਈਆਂ ਜਾਣ। ਆਈਜੀ ਗਿੱਲ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ। ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਖਿਲਾਫ ਹੁਣ ਤੱਕ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 114 ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ।