ਡਾ. ਰਾਜ ਕੁਮਾਰ ਵੇਰਕਾ ਦੀ ਘਰ ਵਾਪਸੀ ਅੰਮ੍ਰਿਤਸਰ: ਪੰਜਾਬ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਛੱਡਣ ਦਾ ਐਲਾਨ ਕਰਦਾ ਹਾਂ। ਦੱਸ ਦਈਏ ਕਿ ਦੁਬਾਰਾ ਕਾਂਗਰਸ ਦਾ ਪੱਲ੍ਹਾ ਫੜਨ ਲਈ ਡਾ. ਵੇਰਕਾ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।
ਕਈ ਦਿਨਾਂ ਦੇ ਵਿਚਾਰ ਤੋਂ ਬਾਅਦ ਲਿਆ ਫੈਸਲਾ:ਪ੍ਰੈੱਸ ਕਾਨਫਰੰਸ ਦੌਰਾਨ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਈ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਭਾਜਪਾ ਤੋਂ ਅਸਤੀਫ਼ਾ ਦੇ ਦੇਣਗੇ ਤੇ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਸਾਰਾ ਦੇਸ਼ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਭਾਜਪਾ ਦੀਆਂ ਨੀਤੀਆਂ ਚੰਗੀਆਂ ਨਹੀਂ ਹਨ। ਵੇਰਕਾ ਨੇ ਕਿਹਾ ਕਿ ਭਾਜਪਾ ਪੰਜਾਬ ਲਈ ਚੰਗੀ ਨਹੀਂ ਹੈ।
ਭਾਜਪਾ ਪੰਜਾਬ ਲਈ ਠੀਕ ਨਹੀਂ: ਭਾਜਪਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਛੱਡ ਕੇ ਮੈਨੂੰ ਬਹੁਤ ਪਛਤਾਵਾ ਹੋਇਆ ਸੀ ਅਤੇ ਮੈਂ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ਼ਾਰਾ ਦਿੰਦਿਆਂ ਕਿਹਾ ਕਿ ਭਾਜਪਾ ਦੇ ਹੋਰ ਕਈ ਵੱਡੇ ਆਗੂ ਵੀ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ।
ਕੁਝ ਗੱਲ੍ਹਾਂ ਨਹੀਂ ਦੱਸ ਸਕਦਾ:ਜਦੋਂ ਡਾ. ਰਾਜ ਕੁਮਾਰ ਵੇਰਕਾ ਨੂੰ ਪੁੱਛਿਆ ਗਿਆ ਕਿ ਉਹ ਪਹਿਲਾਂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਕਿਉਂ ਹੋਏ ਸਨ ਤਾਂ ਉਹਨਾਂ ਨੇ ਇਸ ਸਵਾਲ ਉੱਤੇ ਟਾਲਾ ਵੱਟ ਦਿੱਤਾ ਅਤੇ ਕਿਹਾ ਕਿ ਕੁਝ ਗੱਲ੍ਹਾਂ ਹਨ ਜੋ ਉਹ ਨਹੀਂ ਦੱਸ ਸਕਦੇ, ਉਹ ਪਾਰਟੀ ਦੀਆਂ ਅੰਦਰੂਨੀ ਹਨ।
ਭਾਜਪਾ ਆਗੂ ਅਨਿਲ ਸਰੀਨ ਦਾ ਪ੍ਰਤੀਕਰਮ 'ਭਾਜਪਾ ਨੇ ਹਮੇਸ਼ਾ ਵੇਰਕਾ ਨੂੰ ਦਿੱਤਾ ਬਣਦਾ ਮਾਣ': ਉਧਰ ਰਾਜ ਕੁਮਾਰ ਵੇਰਕਾ ਨੇ ਭਾਜਪਾ ਛੱਡੀ ਤਾਂ ਇਸ 'ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ। ਇਸ 'ਚ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਭਾਜਪਾ 'ਚ ਰਾਜ ਕੁਮਾਰ ਵੇਰਕਾ ਨੂੰ ਹਮੇਸ਼ਾ ਬਣਦਾ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਰਾਜ ਕੁਮਾਰ ਵੇਰਕਾ ਨੂੰ ਖੁਦ ਦੇਣਾ ਹੋਵੇਗਾ ਕਿ ਉਹ ਪਹਿਲਾਂ ਕਿਹੜੀ ਗੱਲ ਤੋਂ ਕਾਂਗਰਸ ਛੱਡ ਕੇ ਭਾਜਪਾ 'ਚ ਆਏ ਸੀ ਤੇ ਹੁਣ ਉਹ ਚੀਜ ਉਨ੍ਹਾਂ ਨੂੰ ਠੀਕ ਲੱਗਣ ਲੱਗੀ ਤੇ ਉਹ ਮੁੜ ਤੋਂ ਕਾਂਗਰਸ 'ਚ ਚਲੇ ਗਏ।
ਵੇਰਕਾ ਦਾ ਸਿਆਸੀ ਸਫ਼ਰ:ਡਾ. ਵੇਰਕਾ ਦੀ ਗੱਲ ਕਰੀਏ ਤਾਂ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਾਂਗਰਸੀ ਸੀਨੀਅਰ ਆਗੂਆਂ 'ਚ ਗਿਣੇ ਜਾਂਦੇ ਸਨ ਅਤੇ ਉਹ ਅਨੁਸੂਚਿਤ ਸਮਾਜ ਦੇ ਵੱਡੇ ਆਗੂ ਵੀ ਹਨ। ਵੇਰਕਾ 2012 ਅਤੇ 2017 'ਚ ਪੱਛਮੀ ਵਿਧਾਨ ਸਭਾ ਤੋਂ ਵਿਧਾਇਕ ਰਹੇ, ਜਦੋਂ ਕਿ ਉਹ 2007 ਅਤੇ 2022 'ਚ ਚੋਣਾਂ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਦੇ ਗਠਨ ਸਮੇਂ ਵੀ ਉਹ ਮੰਤਰੀ ਦੇ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸਨ, ਪਰ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਮਿਲਿਆ ਸੀ। ਪੰਜਾਬ ਸਰਕਾਰ 'ਚ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੈਬਨਿਟ 'ਚ ਪੱਛਮੀ ਹਲਕੇ ਤੋਂ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਮੰਤਰੀ ਬਣਾਇਆ ਗਿਆ ਸੀ। ਡਾ. ਵੇਰਕਾ ਨੂੰ ਸਾਢੇ ਚਾਰ ਸਾਲਾਂ ਬਾਅਦ ਮਾਝਾ ਜ਼ੋਨ 'ਚ ਚੰਗੇ ਅਕਸ ਦਾ ਇਨਾਮ ਮਿਲਿਆ ਸੀ।