ਅੰਮ੍ਰਿਤਸਰ: ਪੰਜਾਬ ਖੇਤਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਕਨਵੀਨਰ ਦੀ ਅਗਵਾਈ ਵਿਚ ਵਫਦ ਨੇ ਬੀਤੇ ਦਿਨੀ ਸਟਾਰ ਏਅਰ ਇੰਡੀਆ, ਥਾਈ ਏਅਰਵੇਜ਼, ਥਾਈ ਸਮਾਈਲ ਅਤੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ ਦਿੱਲੀ ਅਤੇ ਬੰਗਲੌਰ ਵਿੱਚ ਮੁਲਾਕਾਤ ਕੀਤੀ ਹੈ।
ਪ੍ਰੈਸ ਨੂੰ ਜਾਰੀ ਬਿਆਨ ਵਿਚ ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਵਿਚ ਉਨ੍ਹਾਂ ਵਲੋਂ ਏਅਰਪੋਰਟ ਅਤੇ ਯਾਤਰੀਆਂ ਦੀ ਗਿਣਤੀ ਬਾਰੇ ਅਧਿਕਾਰੀਆਂ ਨੂੰ ਵਿਸਥਾਰਤ ਅੰਕੜੇ ਪੇਸ਼ ਕੀਤੇ ਗਏ ਹਨ।
ਉਨ੍ਹਾਂ ਨੇ ਦਿੱਲੀ ਵਿੱਚ ਭਾਰਤ ਦੀ ਹਵਾਈ ਕੰਪਨੀ ਸਟਾਰ ਏਅਰ ਦੇ ਸੀ.ਈ.ਓ. ਸਿਮਰਨ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਅਤੇ ਅੰਮ੍ਰਿਤਸਰ ਨੂੰ ਅਹਿਮਦਾਬਾਦ ਅਤੇ ਹੋਰਨਾ ਹਵਾਈ ਅੱਡਿਆਂ ਨਾਲ ਜੋੜਣ ਬਾਰੇ ਤੱਥ ਪੇਸ਼ ਕੀਤੇ। ਸਟਾਰ ਏਅਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਉਡਾਣ ਯੋਜਨਾ ਦੇ ਤਹਿਤ ਕਈ ਰੂਟਾਂ ਤੇ ਉਡਾਣਾਂ ਦੀ ਸ਼ੁਰੂਆਤ ਕਰ ਰਹੀ ਹੈ।
ਅੰਮ੍ਰਿਤਸਰ ਨੂੰ ਸਿੱਧੀਆਂ ਥਾਈਲੈਂਡ ਦੇ ਸ਼ਹਿਰ ਬੈਂਕਾਕ ਨਾਲ ਜੋੜਣ ਲਈ ਇਹ ਆਗੂ ਦਿੱਲੀ ਵਿੱਚ ਥਾਈ ਏਅਰਵੇਜ਼ ਦੇ ਅਧਿਕਾਰੀਆਂ ਨਾਲ ਵੀ ਮਿਲੇ। ਥਾਈ ਏਅਰ ਕੰਪਨੀ ਬੈਂਕਾਕ ਤੋਂ ਆਸਟਰੇਲੀਆ ਅਤੇ ਨਿਉਜ਼ੀਲੈਂਡ ਦੇ ਕਈ ਸ਼ਹਿਰਾਂ ਮੈਲਬੋਰਨ, ਸਿਡਨੀ, ਆਕਲੈਂਡ, ਕਰਾਈਸਟਚਰਚ ਆਦਿ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ। ਉਨ੍ਹਾਂ ਏਅਰ ਏਸ਼ੀਆ ਐਕਸ, ਸਕੂਟ ਅਤੇ ਮਲੀਨਡੋ ਏਅਰ ਵਲੋਂ ਅੰਮ੍ਰਿਤਸਰ ਤੋਂ ਸਿੱਧੀਆਂ ਕੁਆਲਾਲੰਪੁਰ ਅਤੇ ਸਿੰਗਾਪੁਰ ਲਈ ਚਲਾਈਆਂ ਜਾ ਰਹੀਆਂ ਉਡਾਣਾਂ ਅਤੇ ਇਨ੍ਹਾਂ ਉਡਾਣਾਂ ਤੇ ਪੰਜਾਬੀ ਕਿਹੜੇ-ਕਿਹੜੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਆ ਰਹੇ ਹਨ ਬਾਰੇ ਅੰਕੜੇ ਸਾਂਝੇ ਕੀਤੇ।
ਬੈਂਕਾਕ ਦੁਨੀਆ ਦੇ ਵੱਡੇ ਟੁਰਿਸਟ ਅਤੇ ਵਪਾਰਕ ਸ਼ਹਿਰਾਂ ਵਿਚ ਸ਼ਾਮਲ ਹੈ। ਪੰਜਾਬ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਉੱਥੇ ਘੁੰਮਣ ਫਿਰਨ ਅਤੇ ਵਪਾਰ ਸੰਬੰਧੀ ਜਾਂਦੇ ਹਨ। ਇਸ ਸਿੱਧੀ ਉਡਾਣ ਨਾਲ ਨਾ ਸਿਰਫ ਪੰਜਾਬ ਤੋਂ ਵਪਾਰੀਆਂ ਨੂੰ ਲਾਭ ਮਿਲੇਗਾ ਬਲਕਿ ਅੰਮ੍ਰਿਤਸਰ ਜੋ ਕਿ ਇਕ ਵੱਡਾ ਟੁਰਿਸਟ ਹੈ, ਬੈਂਕਾਕ ਰਾਹੀਂ ਹੋਰਨਾਂ ਸ਼ਹਿਰਾਂ ਅਤੇ ਮੁਲਕਾਂ ਨਾਲ ਜੁੜ ਜਾਵੇਗਾ।
ਇਹ ਵੀ ਪੜੋ: ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ, ਜਾਰੀ ਕੀਤੇ ਦਸਤਾਵੇਜ਼
ਗੁਮਟਾਲਾ ਅਤੇ ਕਾਮਰਾ ਨੇ ਬੰਗਲੌਰ ਵਿੱਚ ਵੀ ਏਅਰ ਏਸ਼ੀਆ ਦੇ ਦਫਤਰ ਵਿੱਚ ਅਧਿਕਾਰੀਆਂ ਨਾਲ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਤੋਂ ਸਿੱਧੀ ਕੁਆਲਾਲੰਪੁਰ ਲਈ ਚਲ ਰਹੀ ਉਡਾਣ ਸੰਬੰਧੀ ਅਤੇ ਏਅਰ ਏਸ਼ੀਆ ਨੂੰ ਅੰਮ੍ਰਿਤਸਰ ਤੋਂ ਬੈਂਕਾਕ, ਦਿੱਲੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਗੱਲਬਾਤ ਕੀਤੀ।