76 ਸਾਲਾਂ ਭਜਨ ਕੌਰ ਨਿਭਾ ਰਹੀ ਸ੍ਰੀ ਹਰਿਮੰਦਰ ਸਾਹਿਬ 'ਚ ਇਹ ਸੇਵਾ ਅੰਮ੍ਰਿਤਸਰ :ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮੇਸ਼ਾਂ ਸਭ ਤੋਂ ਅੱਗੇ ਫੁੱਲਾਂ ਦੇ ਦੋ ਅਤਿ ਸੁੰਦਰ ਗੁਲਦਸਤੇ ਦਿਖਾਈ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਇਹ ਗੁਲਦਸਤੇ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ ਅੰਮ੍ਰਿਤਸਰ ਸਥਿਤ ਅਸਥਾਨ ਵਿਖੇ ਬਣੀ ਬਗੀਚੀ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਰੋਜ਼ਾਨਾ ਫੁੱਲਾਂ ਦੇ 2 ਗੁਲਦਸਤੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਹਨ।
ਬਗੀਚੀ ਤੋਂ ਤਿਆਰ ਕੀਤੇ ਜਾਂਦੇ ਨੇ ਗੁਲਦਸਤਾ :ਭਾਈ ਵੀਰ ਸਿੰਘ ਵਲੋਂ ਅਨੇਕਾਂ ਵਰ੍ਹਿਆਂ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਉਨ੍ਹਾਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਵਲੋਂ ਇਹ ਸੇਵਾ ਜਾਰੀ ਰੱਖੀ ਗਈ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਕਰੀਬੀ ਸਾਥਣ ਭਜਨ ਕੌਰ ਵਲੋਂ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ। ਭਾਈ ਵੀਰ ਸਿੰਘ ਦੇ ਇਸ ਅਸਥਾਨ ਤੇ ਅਨੇਕਾਂ ਕਿਸਮਾਂ ਦੇ ਫੁੱਲਾਂ ਦੀ ਖੇਤੀ ਭਾਈ ਸਾਹਿਬ ਦੇ ਸਮੇ ਤੋਂ ਹੀ ਕੀਤੀ ਜਾਂਦੀ ਹੈ। ਹਾਲਾਂਕਿ, ਪਹਿਲਾਂ ਫੁੱਲਾਂ ਦੀ ਬਹੁਤਾਤ ਹੋਣ ਕਾਰਨ 5 ਗੁਲਦਸਤੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਸਨ, ਪਰ ਸਮੇਂ ਦੇ ਨਾਲ ਨਾਲ ਫੁੱਲਾਂ ਦੀ ਕਮੀ ਆਈ।
76 ਸਾਲ ਦੀ ਉਮਰ 'ਚ ਆਪਣੀ ਸੇਵਾ ਨਿਭਾ ਰਹੀ : ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਬਜ਼ੁਰਗ ਬੀਬੀ ਭਜਨ ਕੌਰ 76 ਵਰ੍ਹਿਆਂ ਦੀ ਵਡੇਰੀ ਉਮਰ ਦੇ ਬਾਵਜੂਦ ਰੋਜ਼ਾਨਾ ਸਵੇਰੇ 3 ਵਜੇ ਫੁੱਲਾਂ ਦੇ ਗੁਲਦਸਤੇ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਂਦੀ ਹੈ। ਇੱਥੇ 2 ਮਾਲੀ ਫੁੱਲਾਂ ਦੀ ਬਗੀਚੀ ਦੀ ਸਾਂਭ ਸੰਭਾਲ ਕਰਦੇ ਹਨ, ਉਥੇ ਹੀ ਗੁਲਦਸਤੇ ਤਿਆਰ ਕਰਨ ਦੀ ਸੇਵਾ ਇਕ ਹੋਰ ਮਾਲੀ ਨਿਭਾਉਂਦਾ ਹੈ। ਰੋਜ਼ਾਨਾ ਤਾਜ਼ੇ ਫੁੱਲ ਤੋੜ ਕੇ ਸ਼ਾਮ ਵੇਲੇ ਬੀਬੀ ਭਜਨ ਕੌਰ ਦੀ ਦੇਖ ਰੇਖ ਵਿੱਚ ਮਾਲੀ ਵਲੋਂ 2 ਗੁਲਦਸਤੇ ਤਿਆਰ ਕੀਤੇ ਜਾਂਦੇ ਹਨ। ਹਰ ਰੋਜ਼ ਸਵੇਰੇ 2.45 ਵਜੇ ਬੀਬੀ ਭਜਨ ਕੌਰ ਆਪਣੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੁੰਦੀ ਹੈ ਤੇ ਬਹੁਤ ਸ਼ਰਧਾ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਗੁਲਦਸਤੇ ਸੁਸ਼ੋਭਿਤ ਕੀਤੇ ਜਾਂਦੇ ਹਨ।
ਕੋਰੋਨਾਕਾਲ 'ਚ ਵੀ ਜਾਰੀ ਰੱਖੀ ਸੇਵਾ : ਭਾਵੇਂ ਕੋਰੋਨਾ ਕਾਲ ਦੌਰਾਨ ਸਾਰੀ ਦੁਨੀਆ ਦੀ ਰਫ਼ਤਾਰ ਨੂੰ ਬਰੇਕਾਂ ਲੱਗੀਆਂ ਸਨ, ਪਰ ਫੇਰ ਵੀ ਭਜਨ ਕੌਰ ਨੇ ਇਹ ਸੇਵਾ ਜਾਰੀ ਰੱਖੀ। ਇੱਥੋਂ ਤੱਕ ਕੇ 1984 'ਚ ਜਦੋ ਭਾਰਤੀ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ, ਤਾਂ ਵੀ ਵਰ੍ਹਦੀਆਂ ਗੋਲੀਆਂ ਵਿੱਚ ਵੀ ਇਹ ਸੇਵਾ ਜਾਰੀ ਰਹੀ। ਬੀਬੀ ਭਜਨ ਕੌਰ ਅਨੁਸਾਰ ਇਹ ਸੇਵਾ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਾਰੀ ਹੈ। ਉਹ ਆਪਣੇ ਅਖੀਰਲੇ ਸਾਹ ਤੱਕ ਜਾਰੀ ਰੱਖਣਗੇ। ਉਨ੍ਹਾਂ ਦੀ ਗੁਰੂ ਚਰਨਾਂ ਵਿੱਚ ਇਹੀ ਅਰਦਾਸ ਕਰਦੀ ਹੈ ਕਿ ਰਹਿੰਦੀ ਦੁਨੀਆ ਤੱਕ ਇਹ ਸੇਵਾ ਜਾਰੀ ਰਹੇ ਤੇ ਭਾਈ ਵੀਰ ਸਿੰਘ ਦੀ ਬਗੀਚੀ ਦੇ ਫੁੱਲ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੁਸ਼ੋਭਿਤ ਹੁੰਦੇ ਰਹਿਣਗੇ।
ਇਹ ਵੀ ਪੜ੍ਹੋ:Mukesh Ambani on 9th place in Forbes list : 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ 9ਵੇਂ ਸਥਾਨ 'ਤੇ