ਅੰਮ੍ਰਿਤਸਰ:ਜੰਡਿਆਲਾ ਗੁਰੂ ਦੇ ਭੀੜ ਵਾਲੇ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਦੀ ਦੂਸਰੀ ਮੰਜ਼ਿਲ ’ਤੇ ਅੱਗ ਲੱਗਣ ਕਾਰਨ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੁਕਾਨ ਦਾ ਕਿਰਾਏਦਾਰ ਸ਼ਹਿਜ਼ਾਦ ਖਾਨ ਹੈ ਅਤੇ ਉਹ ਕੱਪੜਿਆਂ ਦਾ ਕੱਮ ਕਰਦਾ ਹੈ। ਸਵੇਰੇ 10 ਵਜੇ ਜਦੋਂ ਛੋਟੇ ਲੜਕੇ ਨੇ ਆ ਕੇ ਦੁਕਾਨ ਖੋਲ੍ਹੀ ਤਾਂ ਕੁਝ ਦੇਰ ਬਾਅਦ ਉਸ ਨੇ ਦੱਸਿਆ ਕਿ ਉੱਪਰ ਕਿਸੇ ਕਾਰਨ ਅੱਗ ਲੱਗੀ ਹੈ। ਜਿਸ ਕਾਰਨ ਪੂਰੇ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।
ਸੜਕ ਉੱਤੇ ਨਾਜਾਇਜ਼ ਕਬਜ਼ੇ:ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੀ ਗੱਡੀ ਦਰਸ਼ਨੀ ਦਰਵਾਜ਼ੇ ਰਾਹੀਂ ਅੰਦਰ ਦਾਖ਼ਲ ਹੋਈ ਪਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਘੇਰਾ ਅੱਗੇ ਵਧਾਇਆ ਗਿਆ ਹੋਣ ਕਾਰਨ ਅਤੇ ਫਾਇਰ ਬ੍ਰਿਗੇਡ ਵੱਲੋਂ ਸਕੂਟਰਾਂ ਅਤੇ ਮੋਟਰਸਾਈਕਲਾਂ ਦੀ ਸੜਕ ਵਿੱਚ ਹੀ ਪਾਰਕਿੰਗ ਹੋਣ ਕਾਰਨ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਪਹੁੰਚਣ 'ਚ ਕਾਫੀ ਸਮਾਂ ਲੱਗ ਗਿਆ ਪਰ ਫਿਰ ਵੀ ਉਨ੍ਹਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਇਕ ਹੋਰ ਵੱਡੀ ਗੱਡੀ ਬੁਲਾਈ ਗਈ ਅਤੇ ਅੱਗ 'ਤੇ ਕਾਬੂ ਪਾਇਆ ਗਿਆ।