ਅੰਮ੍ਰਿਤਸਰ:ਬੁੱਧਵਾਰ ਨੂੰਦੇਰ ਰਾਤ ਡੈਮ ਗੰਜ ਇਲਾਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ, ਅੱਗ ਇੰਨੀ ਭਿਆਨਕ ਲੱਗੀ ਜਿਸ ਦੇ ਚੱਲਦੇ ਇਲਾਕਾ ਵਾਸੀਆਂ ਵੱਲੋਂ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਵੇਖਿਆ ਕਿ ਸਕੂਲ ਅੰਦਰੋ ਧੂੰਆਂ ਨਿਕਲ ਰਿਹਾ ਹੈ, ਤਾਂ ਮੌਕੇ ਉੱਤੇ ਹੀ ਦਮਕਲ ਵਿਭਾਗ ਨੂੰ ਸੂਚਿਤ ਕੀਤਾ। ਗਲੀ ਤੰਗ ਹੋਣ ਕਰਕੇ ਦਮਕਲ ਦੀਆਂ ਗੱਡੀਆਂ ਨਹੀਂ ਪਹੁੰਚ ਸਕੀਆਂ, ਪਰ ਬਾਅਦ ਵਿੱਚ ਕਿਸੇ ਤਰੀਕੇ ਅੱਗ ਉੱਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹਨ।
ਸਕੂਲ ਵਿੱਚ ਅੱਗ ਬੁਝਾਉਣ ਲਈ ਯੰਤਰ ਵੀ ਨਹੀਂ: ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਕੂਲ ਅੰਦਰ ਪੁਰਾਣੇ ਟਾਟ, ਡੈਸਕ ਤੇ ਹੋਰ ਕਈ ਕੁਝ ਪਿਆ ਹੈ ਜਿਸ ਨੂੰ ਅੱਗ ਲੱਗ ਗਈ। ਅਚਾਨਕ ਅੰਦਰ ਜਾ ਕੇ ਦੇਖਿਆ ਤਾਂ ਅੱਗ ਬੁਝਾਉਣ ਵਾਲੇ ਯੰਤਰ ਵੀ ਨਹੀਂ ਮਿਲੇ। ਕਿਸੇ ਤਰ੍ਹਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਮੁਹੱਲਾ ਵਾਸੀਆਂ ਨੇ ਪਾਣੀ ਦੀਆਂ ਬਾਲਟੀਆਂ ਭਰ-ਭਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਲਪਟਾਂ ਕਾਫੀ ਜ਼ਿਆਦਾ ਸੀ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲ ਅੰਦਰ ਅੱਗ ਬੁਝਾਉਣ ਦੇ ਯੰਤਰ ਮੌਜੂਦ ਹੋਣੇ ਚਾਹੀਦੇ ਹਨ ਅਤੇ ਇਕ ਚੌਂਕੀਦਾਰ ਵੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਲੱਗਾ ਹੁੰਦਾ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ।