ਅੰਮ੍ਰਿਤਸਰ:ਗੈਂਗਸਟਰਾਂ ਵਲੋਂ ਪੰਜਾਬ ਵਿੱਚ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿਰੌਤੀਆਂ ਮੰਗਣ ਲਈ ਮੁਲਜ਼ਮ ਗੈਂਗਸਟਰਾਂ ਵਲੋਂ ਧਮਕੀ ਭਰੀ ਕਾਲ ਤੇ ਮੈਸੇਜ ਕੀਤੇ ਜਾ ਰਹੇ ਹਨ। ਇੱਥੋ ਤੱਕ ਕਿ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਘਰਾਂ ਜਾਂ ਦੁਕਾਨਾਂ ਉੱਤੇ ਫਾਇਰਿੰਗ ਤੱਕ ਕਰਵਾਈ ਜਾ ਰਹੀ ਹੈ, ਤਾਂ ਜੋ ਉਨ੍ਹਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਸਕਣ। ਇਸ ਦੇ ਚੱਲਦੇ ਤਾਜ਼ਾ ਮਾਮਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਹਮਣੇ ਆਇਆ ਹੈ, ਜਿਸ ਉੱਤੇ ਅੰਮ੍ਰਿਤਸਰ ਦੇ ਕਿਸੇ ਟਰੈਵਲ ਏਜੰਟ ਨੂੰ ਧਮਕੀ ਦੇਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਏਜੰਟ ਕੋਲੋਂ ਮੰਗੀ 20 ਲੱਖ ਦੀ ਫਿਰੌਤੀ: ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਲੰਡਾ ਨੇ ਫੋਨ ਉੱਤੇ ਉਸ ਟਰੈਵਲ ਏਜੰਟ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਲਖਬੀਰ ਸਿੰਘ ਲੰਡਾ ਉੱਤੇ ਪਹਿਲਾਂ ਵੀ ਕਈ ਮਾਮਲੇ (Threat and Ransom Demand) ਦਰਜ ਹਨ। ਇਸ ਵੇਲੇ ਉਹ ਕੈਨੇਡਾ ਵਿੱਚ ਬੈਠਾ ਹੋਇਆ ਹੈ ਅਤੇ ਉਥੋਂ ਹੀ ਆਪਣਾ ਨੈਟਵਰਕ ਚਲਾ ਰਿਹਾ ਹੈ।