ਅੰਮ੍ਰਿਤਸਰ: ਸ਼ਹਿਰ ਦੇ ਪੁਲਿਸ ਥਾਣਾ ਮੋਹਕਮਪੁਰਾ ਦੇ ਖੇਤਰ ਦਸ਼ਮੇਸ਼ ਨਗਰ ਜੋੜ੍ਹਾ ਫਾਟਕ ਵਿਖੇ ਸ਼ੁੱਕਰਵਾਰ ਨੂੰ ਦੁਕਾਨ ਦੇ ਬਾਹਰ ਸਾਈਕਲ ਖੜਾ ਕਰਨ ਨੂੰ ਲੈ ਕੇ ਦੋ ਧਿਰਾਂ ਵਿੱਚ ਤਕਰਾਰ ਹੋ ਗਈ। ਇਸ ਤਕਰਾਰ ਵਿੱਚ ਦੋਵੇਂ ਧਿਰਾਂ ਜ਼ਖ਼ਮੀ ਹੋ ਗਈਆਂ ਹਨ।
ਇੱਕ ਧਿਰ ਦੇ ਪੀੜਤ ਮੁਲਖਰਾਜ ਨੇ ਕਿਹਾ ਕਿ ਉਨ੍ਹਾਂ ਦਾ ਸਾਈਕਲ ਉਨ੍ਹਾਂ ਦੀ ਹੀ ਦੁਕਾਨ ਦੇ ਬਾਹਰ ਖੜਾ ਸੀ ਤੇ ਪਿਛੋਂ ਦੀ ਮੋਹਿਤ ਸਿੰਘ ਨੇ ਆ ਕੇ ਉਨ੍ਹਾਂ ਦੇ ਸਾਈਕਲ ਵਿੱਚ ਕਾਰ ਮਾਰ ਦਿੱਤੀ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੋਹਿਤ ਨੇ ਤੇ ਉਸ ਦੇ ਤਾਏ ਦੇ ਮੁੰਡੇ ਨੇ ਕਾਰ ਵਿਚੋਂ ਉੱਤਰ ਕੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਉਹ ਉਨ੍ਹਾਂ ਨੂੰ ਮਾਰੀ ਗਏ ਤੇ ਦੂਜੇ ਪਾਸੇ ਉਹ ਉਨ੍ਹਾਂ ਨੂੰ ਧਮਕੀ ਦੇਣ ਲੱਗ ਗਏ ਕਿ ਸਾਡੇ ਕੋਲ ਪਿਸਤੌਲ ਹੈ ਜਾਂ ਤਾਂ ਦੁਕਾਨ ਖਾਲੀ ਕਰਦੇ, ਨਹੀਂ ਤਾਂ ਤੈਨੂੰ ਗੋਲੀ ਮਾਰ ਦਵਾਂਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ।