Punjab Floods: ਪਹਿਲਾਂ ਅੱਗ ਅਤੇ ਹੁਣ ਪਾਣੀ ਕਰ ਰਿਹਾ ਗਰੀਬਾਂ ਦਾ ਨੁਕਸਾਨ
ਅੰਮ੍ਰਿਤਸਰ: ਪੰਜਾਬ ਵਿੱਚ ਬੀਤੇ ਦਿਨ੍ਹੀਂ ਸਤਲੁਜ ਸਣੇ ਹੋਰਨਾਂ ਨਹਿਰਾਂ ਅਤੇ ਮੀਂਹ ਵਲੋਂ ਮਚਾਏ ਹੜ੍ਹ ਦੇ ਕਹਿਰ ਤੋਂ ਬਾਅਦ ਹੁਣ ਘੱਗਰ ਅਤੇ ਉੱਜ ਦਰਿਆ ਵਿੱਚ ਉਛਲਦਾ ਪਾਣੀ ਦੇਖ ਕੇ ਲੋਕ ਸਹਿਮੇ ਹੋਏ ਹਨ। ਸਬੰਧਤ ਇਲਾਕਿਆਂ ਵਿੱਚ ਲੋਕ ਡਰੇ ਅਤੇ ਸਹਿਮੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ, ਹੁਣ ਬਿਆਸ ਦਰਿਆ ਵੀ ਭਿਆਨਕ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ।
ਬੀਤੇ 3 ਦਿਨ ਤੋਂ ਜਿੱਥੇ ਬਿਆਸ ਦਰਿਆ ਵਿੱਚ ਕਰੀਬ 45 ਤੋਂ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ, ਤਾਂ ਉਹ ਹੁਣ ਵੱਧ ਕੇ 67000 ਉੱਤੇ ਪੁੱਜ ਚੁੱਕਾ ਹੈ। ਇਸੇ ਸਬੰਧੀ ਪਿਛਲੀ ਰਿਪੋਰਟ ਵਿੱਚ ਈਟੀਵੀ ਭਾਰਤ ਵਲੋਂ ਇਹ ਸਾਫ ਕੀਤਾ ਗਿਆ ਸੀ ਕਿ ਬਿਆਸ ਦਰਿਆ ਵਿੱਚ ਜਿਸ ਤਰ੍ਹਾਂ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ, ਤਾਂ ਰਾਤ ਵਿੱਚ ਇਹ ਪਾਣੀ ਵੱਧ ਕੇ ਨੀਵੇਂ ਇਲਾਕਿਆਂ ਵਿੱਚ ਮਾਰ ਕਰ ਸਕਦਾ ਹੈ ਅਤੇ ਉਸੇ ਮੁਤਾਬਿਕ ਹੁਣ ਪਾਣੀ ਦਾ ਕਹਿਰ ਇਨ੍ਹਾਂ ਇਲਾਕਿਆਂ ਸ਼ੁਰੂ ਹੋ ਗਿਆ ਹੈ।
Punjab Floods: ਪਹਿਲਾਂ ਅੱਗ ਅਤੇ ਹੁਣ ਪਾਣੀ ਕਰ ਰਿਹਾ ਗਰੀਬਾਂ ਦਾ ਨੁਕਸਾਨ ਵੱਧਿਆ ਪਾਣੀ ਦਾ ਪੱਧਰ ਤੇ ਵਹਾਅ: ਬਿਆਸ ਦਰਿਆ ਦੇ ਵਿੱਚ ਬੀਤੀ ਰਾਤ ਵਧਿਆ ਦਰਿਆ ਬਿਆਸ ਦਾ ਪਾਣੀ ਹੁਣ ਕੰਢੇ ਤੋਂ ਵੱਧ ਕੇ ਧੁੱਸੀ ਬੰਨ ਵੱਲ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਨੇ ਰਾਤ ਰਾਤ ਵਿੱਚ ਕਰੀਬ 100 ਕਿੱਲੇ ਜਮੀਨ ਜਿਸ ਵਿੱਚ ਵੱਖ ਵੱਖ ਫਸਲਾਂ ਲੱਗੀਆਂ ਹੋਈਆਂ ਸਨ, ਆਪਣੀ ਲਪੇਟ ਵਿੱਚ ਲੈ ਲਈ ਹੈ। ਪਾਣੀ ਲਗਾਤਾਰ ਹੁਣ ਅੱਗੇ ਵਧਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ, ਹੀ ਈਟੀਵੀ ਭਾਰਤ ਵਲੋਂ ਬਿਆਸ ਦਰਿਆ ਕੰਢੇ ਕਰੀਬ 4 ਤੋਂ 5 ਦਹਾਕਿਆਂ ਤੋਂ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਨੇ ਦੱਸਿਆ ਕਿ ਹਾਲੇ 4 ਮਹੀਨੇ ਪਹਿਲਾਂ ਅਚਾਨਕ ਅੱਗ ਲੱਗ ਜਾਣ ਨਾਲ ਉਨ੍ਹਾਂ ਦੇ ਆਸ਼ਿਆਨੇ ਸੜ੍ਹ ਕੇ ਸੁਆਹ ਹੋ ਗਏ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਉੱਤੇ ਪਾਣੀ ਦੀ ਮਾਰ ਸ਼ੁਰੂ ਹੋ ਗਈ ਹੈ।
ਪ੍ਰੇਸ਼ਾਨ ਹੋਏ ਸਥਾਨਕ ਵਾਸੀ: ਕੰਢੇ ਖੇਤਰ ਉੱਤੇ ਰਹਿੰਦੇ ਮਾਨ ਅਲੀ ਦਾ ਕਹਿਣਾ ਹੈ ਕਿ ਉਂਝ ਤਾਂ ਵੋਟਾਂ ਵੇਲ੍ਹੇ ਸਭ ਪਾਰਟੀਆਂ ਦੇ ਆਗੂ ਉਨ੍ਹਾਂ ਕੋਲ ਆਉਂਦੇ ਰਹਿੰਦੇ ਹਨ, ਪਰ ਹੁਣ 10 ਦਿਨ ਤੋਂ ਦਰਿਆ ਵਿੱਚ ਪਾਣੀ ਵਧਣ ਦੇ ਆਸਾਰ ਨੂੰ ਦੇਖਦੇ ਹੋਏ ਲਗਾਤਾਰ ਚੱਲ ਰਹੀਆਂ ਖ਼ਬਰਾਂ ਵੇਖਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸਾਰ ਲੈਣ ਨਹੀਂ ਆਇਆ। ਹੁਣ ਉਹ ਆਪ ਹੀ ਇਸ ਲਈ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਨ। ਤਾਂ ਜੋ, ਉਨ੍ਹਾਂ ਦੇ ਘਰੇਲੂ ਸਾਮਾਨ ਅਤੇ ਪਸ਼ੂਆਂ ਦਾ ਪਾਣੀ ਦੇ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਲਈ ਉਨ੍ਹਾਂ ਵਲੋਂ ਹੁਣ ਤਰਪਾਲਾਂ ਨਾਲ ਆਪਣਾ ਸਮਾਨ, ਤਾਂ ਢੱਕਿਆ ਗਿਆ ਹੈ ਤੇ ਕਿਸੇ ਉੱਚੇ ਖੇਤਰ ਵੱਲ ਧਿਆਨ ਕਰ ਰਹੇ ਹਨ। ਜੇਕਰ ਇਦਾਂ ਹੀ ਪਾਣੀ ਵੱਧਦਾ ਗਿਆ, ਤਾਂ ਉਹ ਹਾਈਵੇ ਕਿਨਾਰੇ ਸੌਣ ਅਤੇ ਰਹਿਣ ਲਈ ਮਜਬੂਰ ਹੋਣਗੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰੋਜ ਕਮਾ ਕੇ ਰੋਟੀ ਖਾਣ ਅਤੇ ਆਪਣਾ ਟੱਬਰ ਪਾਲਣ ਵਾਲੇ ਲੋਕਾਂ ਦੀ ਸਾਰ ਲਈ ਜਾਵੇ, ਤਾਂ ਜੋ ਉਹ ਪਾਣੀ ਦੇ ਕਹਿਰ ਤੋਂ ਬਚ ਸਕਣ।