ਅੰਮ੍ਰਿਤਸਰ: ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੜ੍ਹ ਗਏ ਹਨ। ਇਸੇ ਦੇ ਚੱਲਦਿਆਂ ਪੰਜਾਬ 'ਚ ਰੇਲ ਰੋਕੋ ਅੰਦੋਲਨ ਵਧਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ 23 ਸਤੰਬਰ ਤੋਂ ਲੈ ਕੇ 26 ਤੱਕ ਰੇਲ ਜਾਮ ਨੂੰ ਹੁਣ 29 ਸਤੰਬਰ ਤੱਕ ਵਧਾ ਦਿੱਤਾ ਹੈ।
ਖੇਤੀ ਬਿੱਲਾਂ ਖਿਲਾਫ਼ ਅੜ੍ਹੇ ਕਿਸਾਨ, 29 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਦਾ ਐਲਾਨ - agriculture ordinance
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੇਲ ਜਾਮ ਨੂੰ ਹੁਣ 29 ਸਤੰਬਰ ਤੱਕ ਵਧਾ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਖੇਤੀ ਬਿੱਲ ਰੱਦ ਕਰਵਾ ਕੇ ਹੀ ਰਹਿਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ ਅਤੇ ਰੇਲ ਰੋਕੋ ਅੰਦੋਲਨ 29 ਤੱਕ ਚਲਦਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 27 ਸਤੰਬਰ ਨੂੰ ਔਰਤਾਂ ਕੇਸਰੀ ਚੁੰਨੀਆਂ ਦੇ ਨਾਲ ਰੇਲ ਪਟੜੀ 'ਤੇ ਬੈਠਣਗੀਆਂ ਅਤੇ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ਹੋਣ ਕਰਕੇ ਨੌਜਵਾਨ ਰੇਲਵੇ ਟਰੈਕ 'ਤੇ ਬੈਠਣਗੇ। ਕਿਸਾਨ ਆਗੂ ਸਰਵਨ ਸਿੰਘ ਨੇ ਕਿਹਾ ਕਿ ਉਹ ਖੇਤੀ ਬਿੱਲ ਰੱਦ ਕਰਵਾ ਕੇ ਹੀ ਰਹਿਣਗੇ।
ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।