ਅੰਮ੍ਰਿਤਸਰ: ਡੀ.ਏ.ਪੀ ਖਾਦ, ਕਪਾਹ ਦੇ ਬੀਜ਼ਾਂ 'ਚ ਕੀਤੇ ਵਾਧੇ ਅਤੇ ਕਣਕ ਦੀ ਖਰੀਦ 'ਚ ਲਾਈਆਂ ਜਾ ਰਹੀਆਂ ਸ਼ਰਤਾਂ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚੱਬਾ ਵਿਖੇ ਅੰਮ੍ਰਿਤਸਰ ਫਿਰੋਜ਼ਪੁਰ ਮਾਰਗ ਜਾਮ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਕਿਸਾਨਾਂ ਵਲੋਂ 18 ਅਪ੍ਰੈਲ ਨੂੰ ਦਾਣਾ ਮੰਡੀ ਭਗਤਾਂ 'ਚ ਹੋਣ ਵਾਲੀ ਮਹਾਂ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਕਿਸਾਨਾਂ ਨੇ ਰੋਸ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਿਤਕਰੇ ਦੀ ਭਾਵਨਾ ਰੱਖਦਿਆਂ ਡੀ.ਏ.ਪੀ ਖਾਦ 'ਚ 700 ਰੁਪਏ ਪ੍ਰਤੀ ਬੋਰੀ ਵਾਧਾ ਕੀਤਾ ਹੈ, ਹੋ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਪਾਹ ਦੇ ਬੀਜ਼ਾਂ 'ਚ ਪ੍ਰਤੀ ਪੈਕੇਟ 35 ਰੁਪਏ ਦਾ ਵਾਧਾ ਕੀਤਾ ਸੀ, ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਸਰਕਾਰ ਵਲੋਂ ਕਿਸਾਨਾਂ ਕੋਲੋਂ ਫਰਦ ਲੈਣਾ, ਪੇਮੈਂਟ ਬੈਨ ਕਰਨਾ, ਬਦਰੰਗੇ ਅਤੇ ਟੋਟੇ ਕਾਲੇ ਦਾਣੇ 'ਚ 50 ਪ੍ਰਤੀਸ਼ਤ ਕਟੌਤੀ ਕਰਨ ਦੀ ਗੱਲ ਕਿਸਾਨ ਵਿਰੋਧੀ ਹੈ।