ਅੰਮ੍ਰਿਤਸਰ: ਦੇਵੀਦਾਸਪੁਰਾ ਵਿਖੇ ਕਿਸਾਨਾਂ ਦਾ ਰੇਲ ਰੋਕੋ ਪ੍ਰਦਰਸ਼ਨ 14ਵੇਂ ਦਿਨ ਵੀ ਜਾਰੀ ਹੈ। ਲਾਈਨਾਂ 'ਤੇ ਧਰਨਾ ਲਾਈ ਬੈਠੇ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉੱਥੇ ਹੀ ਮੰਤਰੀਆਂ ਵੱਲੋਂ ਕੀਤੀ ਜਾ ਰਹੀਆਂ ਰੈਲੀਆਂ, ਪ੍ਰਦਰਸ਼ਨਾਂ ਨੂੰ ਲੈ ਕੇ ਕਿਸਾਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕਾਂ ਦੀ ਲੜਾਈ ਨਾ ਲੜ 2022 ਚੋਣਾਂ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਰੋਸ ਵਜੋਂ ਰਾਹੁਲ ਗਾਂਧੀ, ਸੁਖਬੀਰ ਬਾਦਲ, ਭਗਵੰਤ ਮਾਨ ਸਮੇਤ ਹੋਰ ਰਾਜਨਿਤਕ ਨੇਤਾਵਾਂ ਦੀ ਸਾਂਝੀ ਅਰਥੀ ਫੂਕੀ ਤੇ ਜਬਰਦਸਤ ਨਾਅਰੇਬਾਜੀ ਵੀ ਕੀਤੀ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿੱਚ ਕਿਸਾਨ ਲਗਾਤਾਰ ਰੇਲਵੇ ਟਰੈਕ ਨੂੰ ਜਾਮ ਕਰਕੇ ਬੈਠੇ ਹਨ, ਪਰ ਫਿਰ ਵੀ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ, ਸਿਆਸਤਦਾਨ ਕਿਸਾਨਾਂ ਦੇ ਮੁੱਦੇ ਦਾ ਸਹਾਰਾ ਲੈ ਕੇ 2022 ਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹਨ।