ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਕਾਸ ਕਾਰਜਾਂ ਦੀ ਕੜੀ ਵਜੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਗੁਰੁ ਨਾਨਕ ਭਵਨ ਅੰਮ੍ਰਿਤਸਰ ਵਿਖੇ ਲਗਾਈ ਗਈ। ਇਸ ਕੈਂਪ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ।
ਪ੍ਰਦਰਸ਼ਨੀ 'ਚ ਕੀ ਖਾਸ: ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ, ਭੂਮੀ ਰੱਖਿਆ ਵਿਭਾਗ, ਕੇ.ਵੀ.ਕੇ, ਖਾਦ, ਬੀਜ, ਦਵਾਈਆਂ, ਨਵੀਨਤਮ ਖੇਤੀ ਮਸ਼ੀਨਰੀ ਅਤੇ ਸੈਲਫ ਗਰੁਪਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਸ ਵਿੱਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਤੋਂ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਅਤੇ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਵੀ ਦਿੱਤੀ।
ਕਿਸਾਨ ਕਰਨ ਸਮਾਰਟ ਵਰਕ:ਇਸ ਮੌਕੇ ਪ੍ਰਦਰਸ਼ਨੀ ਲਗਾਉਣ ਵਾਲੇ ਨੌਜਵਾਨ ਨੇ ਕਿਹਾ ਕਿ ਪੰਜਾਬ 'ਚ ਕੰਮ ਦੀ ਕੋਈ ਕਮੀ ਨਹੀਂ ਹੈ। ਨੌਜਵਾਨਾਂ ਅਤੇ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਮਾਰਟ ਵਰਕ ਕਰਨਾ ਚਾਹੀਦਾ ਹੈ। ਸਭ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਨੌਜਵਾਨ ਇੱਥੇ ਰਹਿ ਕੇ ਹੀ ਮਿਹਨਤ ਕਰਨ ਤਾਂ ਵਿਦੇਸ਼ ਜਾਣ ਦੀ ਲੋੜ ਹੀ ਨਹੀਂ। ਕਿੳਂਕਿ ਇੱਥੇ ਅਸੀਂ ਮਾਲਕ ਹਾਂ ਅਤੇ ਵਿਦੇਸ਼ ਜਾ ਕੇ ਨੌਕਰ ਹਾਂ।