ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਫੈਸਲਾ, ਇਸ ਜ਼ਿਲ੍ਹੇ 'ਚ ਰੋਕੀਆਂ ਜਾਣਗੀਆਂ ਰੇਲਾਂ ਅੰਮ੍ਰਿਤਸਰ/ਬਟਾਲਾ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਮੰਗਾਂ ਨੂੰ ਲੈ ਕੇ ਬਟਾਲਾ ਵਿਖੇ ਰੇਲਾਂ ਰੋਕੂ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰੇਲ ਰੋਕਣ ਦਾ ਫੈਸਲਾ ਲਿਆ ਹੈ।
ਕਿਸਾਨਾਂ ਦੀਆਂ ਮੁਆਵਜ਼ੇ ਆਦਿ ਮੰਗਾਂ :ਗੱਲਬਾਤ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਅੰਮ੍ਰਿਤਸਰ ਦਿਹਾਤੀ ਦੇ ਕੱਥੂਨੰਗਲ ਜ਼ੋਨ ਅਧੀਨ ਪੈਂਦੇ ਪਿੰਡ ਰੂਪੋਵਾਲੀ ਵਿਖੇ ਬਟਾਲਾ ਵਿੱਚ ਵੱਖ ਵੱਖ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆਂ ਮੁਆਵਜ਼ੇ ਆਦਿ ਮੰਗਾਂ ਨੂੰ ਹੱਲ ਕਰਨ ਸਬੰਧੀ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਇਕ ਮਹੀਨੇ ਤੋਂ ਉਪਰ ਸਮਾਂ ਬੀਤ ਜਾਣ ਉੱਤੇ ਵੀ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।
ਕੀ ਹਨ ਮੰਗਾਂ : ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਵੈਸੇ ਤਾਂ ਕਈ ਮੰਗਾਂ ਸਨ, ਪਰ ਉਨ੍ਹਾਂ ਵਿੱਚੋਂ ਮੁੱਖ ਤੌਰ ਉੱਤੇ ਕੱਟੜਾ ਜੰਮੂ ਹਾਈਵੇ ਪ੍ਰੋਜੈਕਟ, ਗੰਨਾ ਬਕਾਇਆ, ਅੰਮ੍ਰਿਤਸਰ-ਪਠਾਨਕੋਟ ਐਕਸਪ੍ਰੈਸ ਵੇਅ ਪ੍ਰੋਜੈਕਟ, ਮੁਰਗੀ ਖਾਨਿਆਂ ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ, ਬੀਤੇ ਦਿਨਾਂ ਤੋਂ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਕਣਕਾਂ, ਸਰੋਂ, ਸਬਜ਼ੀਆਂ ਅਤੇ ਹੋਰਨਾਂ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਸਬੰਧੀ, ਸ਼ਹੀਦ ਪਰਿਵਾਰਾਂ ਨੂੰ ਕਾਫੀ ਹੱਦ ਤੱਕ ਮੁਆਵਜ਼ਾ ਤਾਂ ਮਿਲਿਆ, ਪਰ ਨੌਕਰੀਆਂ ਦਾ ਵਾਅਦਾ ਪੂਰਾ ਨਾ ਹੋਣ ਤੋਂ ਇਲਾਵਾ ਹੋਰਨਾਂ ਮੰਗਾਂ ਨੂੰ ਹੱਲ ਕਰਨ ਸਬੰਧੀ ਭਰੋਸਾ ਮਿਲਿਆ, ਪਰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ ਹੈ।
ਮੀਡੀਆ ਨਾਲ ਰੋਸ :ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੇਸ਼ੱਕ ਸਮੇਂ ਸਮੇਂ ਉੱਤੇ ਮੀਡੀਆ ਅਦਾਰੇ ਕਿਸਾਨਾਂ ਦੀ ਆਵਾਜ਼ ਚੁੱਕਦੇ ਰਹੇ ਹਨ, ਪਰ ਬੀਤੇ ਕਾਫੀ ਸਮੇਂ ਤੋਂ ਕੁਝ ਮੀਡੀਆ ਹਾਊਸ ਵਲੋਂ ਕਿਸਾਨਾਂ ਦੀ ਆਵਾਜ਼ ਨਾ ਚੁੱਕੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਦਾ ਆਲਮ ਹੈ। ਪੰਧੇਰ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਚੁੱਕਿਆ ਜਾਵੇ, ਤਾਂ ਜੋ ਸਰਕਾਰ ਦੇ ਕੰਨਾਂ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚ ਸਕੇ।
ਇਹ ਵੀ ਪੜ੍ਹੋ:10 ਲੱਖ ਤੋਂ ਜ਼ਿਆਦਾ ਪੰਜਾਬੀ ਨਸ਼ੇ ਦੇ ਆਦੀ, ਡੇਢ ਦਹਾਕੇ ਤੋਂ ਪੰਜਾਬ ਦੀਆਂ ਜੜਾਂ 'ਚ ਬੈਠਾ ਨਸ਼ਾ, ਨਸ਼ਾ ਕਿਉਂ ਨਹੀਂ ਖਤਮ ਕਰ ਸਕੀ ਸਰਕਾਰ ? ਖ਼ਾਸ ਰਿਪੋਰਟ