ਅੰਮ੍ਰਿਤਸਰ: ਕਸਬਾ ਰਈਆ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਨੌਜਵਾਨ ਨੇ ਵੀਰਵਾਰ ਤੜਕੇ ਘਰ 'ਚ ਦਾਖਲ ਹੋਕੇ ਮਾਂ ਪੁੱਤ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਲੜਕਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਅਕਸ਼ੇ ਕੁਮਾਰ ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਆਪਣੀ ਗਲੀ ਵਿੱਚ ਹੀ ਰਹਿੰਦੇ ਕੇਵਲ ਕਿਸ਼ਨ ਛਾਬੜਾ ਦੇ ਘਰ ਦਾਖਲ ਹੋਇਆ ਅਤੇ ਸਿੱਧਾ ਕੇਵਲ ਕਿਸ਼ਨ ਦੀ ਪਤਨੀ ਰੇਖਾ ਰਾਣੀ ਦੇ ਕਮਰੇ ਵਿੱਚ ਗਿਆ ਅਤੇ ਕਿਸੇ ਤੇਜ ਧਾਰ ਹਥਿਆਰ ਨਾਲ ਉਸਦੇ ਮੂੰਹ ਤੇ ਵਾਰ ਕਰ ਦਿੱਤਾ। ਮ੍ਰਿਤਕਾ ਰੇਖਾ ਰਾਣੀ ਉਸ ਵੇਲੇ ਆਪਣੇ ਕਮਰੇ ਵਿੱਚ ਪੂਜਾ ਕਰ ਰਹੀ ਸੀ। ਰੇਖਾ ਨੂੰ ਬਚਾਅ ਕਰਨ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਜਿਸ ਕਾਰਨ ਉਸਨੇ ਹਸਪਤਾਲ ਵਿੱਚ ਦੱਮ ਤੋੜ ਦਿੱਤਾ।
ਇਸ ਮਗਰੋਂ ਮੁਲਜ਼ਮ ਦੂਜੇ ਕਮਰੇ ਵਿੱਚ ਗਿਆ ਜਿੱਥੇ ਮ੍ਰਿਤਕਾ ਦਾ ਲੜਕਾ ਕਾਰਤਿਕ ਛਾਬੜਾ ਸੌਂ ਰਿਹਾ। ਮੁਲਜ਼ਮ ਨੇ ਉਸੇ ਹਥਿਆਰ ਨਾਲ ਕਾਰਤਿਕ ਦੇ ਸੁੱਤੇ ਪਏ ਦੇ ਸਿਰ 'ਤੇ ਵਾਰ ਕਰ ਦਿੱਤਾ ਜਿਸ ਮਗਰੋਂ ਕਾਰਤਿਕ ਉੇਠ ਕੇ ਮੁਲਜ਼ਮ ਨਾਲ ਹਥੋਪਾਈ ਹੋ ਗਿਆ। ਇਸ ਦੌਰਾਨ ਦੋਸ਼ੀ ਨੇ ਕਾਰਤਿਕ ਦੀਆਂ ਉਗਲਾਂ ਦੰਦਾਂ ਨਾਲ ਚਿੱਥ ਦਿਤੀਆਂ। ਜ਼ਖ਼ਮੀ ਕਾਰਤਿਕ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਾਇਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਅਕਸ਼ੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ।