ਅੰਮ੍ਰਿਤਸਰ: ਜਬਰ ਜਨਾਹ ਦੇ ਕੇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਆਗੂ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਲੰਗਾਹ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 3 ਵਾਰ ਆਪਣੀ ਮੁਆਫ਼ੀ ਲਈ ਅਰਜ਼ੀ ਦਿੱਤੀ ਗਈ ਪਰ ਅਜੇ ਤੱਕ ਉਸ ਨੂੰ ਮੁਆਫ ਨਹੀਂ ਕੀਤਾ ਗਿਆ। ਹੁਣ ਲੰਗਾਹ ਵੱਲੋਂ ਪੰਥ ਵਿੱਚ ਸ਼ਾਮਲ ਹੋਣ ਲਈ ਟੇਢੇ ਢੰਗ ਨਾਲ ਗੁਰਦੁਆਰਾ ਗੁਰਦਾਸ ਨੰਗਲ ਗੜ੍ਹੀ ਧਾਰੀਵਾਲ ਵਿਖੇ ਅੰਮ੍ਰਿਤ ਛਕ ਲਿਆ ਗਿਆ ਜਿਸ ਕਰਕੇ ਸਿੱਖ ਜਥੇਬੰਦੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਇਸੇ ਤਹਿਤ ਹੀ ਦਮਦਮੀ ਟਕਸਾਲ ਅਤੇ ਹੋਰ ਸਮੂਹ ਜਥੇਬੰਦੀਆਂ ਬਾਬਾ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਲੈ ਕੇ ਪਹੁੰਚੀਆਂ। ਬਾਬਾ ਲਖਵਿੰਦਰ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਨਾਲ ਸਿੱਖ ਪੰਥ ਰੋਟੀ/ ਬੇਟੀ ਦੀ ਸਾਂਝ ਨਹੀਂ ਰੱਖ ਸਕਦਾ ਅਤੇ ਉਸ ਦੀ ਅਰਦਾਸ ਵੀ ਕਿਸੇ ਗੁਰੂ ਘਰ ਵਿੱਚ ਨਹੀਂ ਹੋ ਸਕਦੀ, ਫਿਰ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੁਆਫ਼ੀ ਤੇ ਬਿਨਾਂ ਮਨਜ਼ੂਰੀ 'ਤੇ ਗੁਰਦੁਆਰਾ ਸਾਹਿਬ ਗੁਰਦਾਸ ਗੜ੍ਹੀ ਵਿਖੇ ਤਰਨਾ ਦਲ ਦੇ ਆਗੂ ਬਾਬਾ ਤਰਸੇਮ ਸਿੰਘ ਵੱਲੋਂ ਅੰਮ੍ਰਿਤ ਛਕਾਇਆ ਗਿਆ।