ਅੰਮ੍ਰਿਤਸਰ: ਕੋਰੋਨਾ ਵਾਇਰਸ ਤੋਂ ਬਾਅਦ ਕਰਫ਼ਿਊ ਨਾਲ ਪੈਦਾ ਹੋਈ ਸਥਿਤੀ ਵਿੱਚ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਦੇ ਰੋਲ ਸਮੇਤ ਹੋਰ ਸਵਾਲਾਂ ਬਾਰੇ ਈਟੀਵੀ ਭਾਰਤ ਵੱਲੋਂ ਸੀਨੀਅਰ ਪੱਤਰਕਾਰ ਭਾਈ ਚਰਨਜੀਤ ਸਿੰਘ ਨਾਲ ਸਥਿਤੀ ਬਾਰੇ ਗੱਲਬਾਤ ਕੀਤੀ। ਪ੍ਰਸ਼ਾਸਨ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਕਿ ਪ੍ਰਸ਼ਾਸਨ ਨੇ ਆਪਣੇ ਤੌਰ 'ਤੇ ਕੋਸ਼ਿਸ਼ ਕੀਤੀ ਹੈ ਪਰ ਪ੍ਰਸ਼ਾਸਨ ਬਹੁਤਾ ਸਫ਼ਲ ਨਹੀਂ ਹੋ ਸਕਿਆ ਕਿਉਂਕਿ ਲੋਕਾਂ ਕੋਲ ਰਾਸ਼ਨ ਪਾਣੀ ਅਤੇ ਦਵਾਈਆਂ ਨਹੀਂ ਪਹੁੰਚ ਰਹੀਆਂ। ਸਮਾਨ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਜ਼ੋਰਾਂ 'ਤੇ ਹੈ ਅਤੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵਾਜਿਬ ਰੇਟਾਂ ਤੋਂ ਦੁੱਗਣੇ ਭਾਅ 'ਤੇ ਵਿਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕ ਸਮਾਨ ਲੈਣ ਲਈ ਪ੍ਰੇਸ਼ਾਨ ਹੋ ਰਹੇ ਹਨ ਤੇ ਇਸ ਮੌਕੇ ਤਾਂ ਸਿਆਸਤਦਾਨ ਵੀ ਨਜ਼ਰ ਨਹੀਂ ਆਉਂਦੇ। ਕਈ ਥਾਵਾਂ 'ਤੇ ਜ਼ਰੂਰ ਲੀਡਰ ਫੋਟੋਆਂ ਪਾ ਕੇ ਅਤੇ ਫੇਸਬੁੱਕ 'ਤੇ ਲਾਈਵ ਹੋ ਕੇ ਕੰਮ ਸਾਰ ਰਹੇ ਹਨ ਪਰ ਹਕੀਕਤ ਵਿੱਚ ਲੋਕਾਂ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿੱਚ ਕੁੱਝ ਸਮਾਜਿਕ ਜਥੇਬੰਦੀਆਂ ਜ਼ਰੂਰ ਲੋਕਾਂ ਲਈ ਰਾਸ਼ਨ ਪਾਣੀ ਦਾ ਪ੍ਰਬੰਧ ਕਰ ਰਹੀਆਂ ਹਨ।
ਕਰਫ਼ਿਊ ਤੋਂ ਬਾਅਦ ਕਾਲਾਬਜ਼ਾਰੀ ਤੇ ਜਮ੍ਹਾਂਖੋਰੀ ਵਧੀ: ਚਰਨਜੀਤ ਸਿੰਘ ਮਜ਼ਦੂਰਾਂ ਬਾਰੇ ਪੰਜਾਬ ਸਰਕਾਰ ਦੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤੇ ਮਜ਼ਦੂਰ ਰਜਿਸਟਰਡ ਨਹੀਂ, ਸਿਰਫ਼ ਕੁੱਝ ਕੁ ਲੋਕਾਂ ਦੀ ਰਜਿਸਟਰੇਸ਼ਨ ਹੋਈ ਹੈ। ਮਜ਼ਦੂਰਾਂ ਤੱਕ ਪੈਸੇ ਪਹੁੰਚਾਉਣ ਲਈ ਇਮਾਨਦਾਰੀ ਹੋਣੀ ਚਾਹੀਦੀ ਹੈ। ਜੇਕਰ ਕੋਈ ਸਾਰਥਕ ਰਾਹ ਨਾ ਲੱਭਿਆ ਤਾਂ ਇਸ ਵਿੱਚ ਵੀ ਘਪਲਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਰਫ਼ਿਊ ਦੀ ਤਾਰੀਖ ਅੱਗੇ ਵਧਦੀ ਹੈ ਤਾਂ ਇਸ ਦਾ ਬੁਰਾ ਅਸਰ ਹੇਠਲੇ ਪੱਧਰ ਦੇ ਲੋਕਾਂ 'ਤੇ ਜ਼ਰੂਰ ਪਵੇਗਾ।
ਇਹ ਵੀ ਪੜ੍ਹੋ: COVID-19: ਪੰਜਾਬ ਵਿੱਚ 41 ਹੋਈ ਪੀੜਤਾਂ ਦੀ ਗਿਣਤੀ, 3 ਦੀ ਮੌਤ
ਉਨ੍ਹਾਂ ਕਿਹਾ ਕਿ ਦੁਕਾਨਾਂ ਵਿੱਚ ਵੀ ਸਮਾਨ ਮੁੱਕ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਵਿੱਚ ਕਾਫੀ ਹਾਹਾਕਾਰ ਮੱਚੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਬਾਰੇ ਭਾਈ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਕੋਰੋਨਾ ਦੀ ਸਮੱਸਿਆ ਤੋਂ ਬਾਅਦ ਕਾਫ਼ੀ ਕੰਮ ਕੀਤਾ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਦੇ ਅਕਸ ਵਿੱਚ ਸੁਧਾਰ ਆਇਆ ਹੈ। ਇਸ ਦੇ ਨਾਲ ਸੇਵਾਦਾਰਾਂ ਨੇ ਇਸ ਬਿਪਤਾ ਦੀ ਘੜੀ ਵਿੱਚ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਅਤੇ ਜੋ ਲੋਕ ਇੱਥੇ ਫਸੇ ਹੋਏ ਸਨ, ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਇਆ।