ਅੰਮ੍ਰਿਤਸਰ: ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਇੰਗਲੈਂਡ ਜਾਣ ਲਈ ਵੀਜ਼ਾ ਲਗਵਾਇਆ ਗਿਆ ਸੀ, ਪਰ ਇੰਗਲੈਂਡ ਸਰਕਾਰ ਵੱਲੋਂ ਪਰਿਵਾਰ ਨੂੰ ਵੀਜ਼ਾ ਨਾ ਦਿੱਤੇ ਜਾਣ ਦਾ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਹੈ। ਜਿਸ 'ਤੇ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਸੇ ਮਾਮਲੇ 'ਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।
ਇੰਗਲੈਂਡ ਵੱਲੋਂ ਵੀਜ਼ਾ ਨਾ ਦੇਣਾ ਮੰਦਭਾਗੀ ਗੱਲ: ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਖਿਆ ਕਿ ਇੰਗਲੈਂਡ ਦੀ ਧਰਤੀ 'ਤੇ ਭਾਈ ਅਵਤਾਰ ਸਿੰਘ ਖੰਡਾ ਦਾ ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ 5 ਅਗਸਤ ਨੂੰ ਇੰਗਲੈਂਡ 'ਚ ਕੀਤੀ ਜਾ ਰਹੀ ਹੈ। ਇਸੇ ਕਾਰਨ ਭਾਈ ਖੰਡਾ ਦੇ ਪਰਿਵਾਰ ਵੱਲੋਂ ਇੰਗਲੈਂਡ ਦਾ ਵੀਜ਼ਾ ਲਗਵਾਇਆ ਗਿਆ ਸੀ ਪਰ ਇੰਗਲੈਂਡ ਦੀ ਸਰਕਾਰ ਵੱਲੋਂ ਵੀਜ਼ਾ ਨੂੰ ਰੱਦ ਕਰ ਦਿੱਤਾ ਗਿਆ ਹੈ, ਜੋ ਕਿ ਬਹੁਤ ਮੰਦਭਾਗੀ ਗੱਲ ਹੈ।