ਨਸ਼ਾ ਤਸਕਰ ਦੀ ਲੱਤ 'ਤੇ ਲੱਗੀ ਗੋਲੀ ਅੰਮ੍ਰਿਤਸਰ: ਜ਼ਿਲ੍ਹੇ ਦੇ ਕਸਬਾ ਬਿਆਸ ਦੇ ਨਜ਼ਦੀਕ ਨਸ਼ਾ ਤਸਕਰ ਅਤੇ ਸਪੈਸ਼ਲ ਟਾਸਕ ਫੋਰਸ ਵਿੱਚ ਮੁਕਾਬਲਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਜਿਸ ਵਿੱਚ ਇੱਕ ਨਸ਼ਾ ਤਸਕਰ ਦੇ ਲੱਤ ਉੱਤੇ ਗੋਲੀ ਲੱਗੀ ਹੈ। ਨਸ਼ਾ ਤਸਕਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਹੁਣ ਉਸ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ।
ਮੁਕਾਬਲੇ ਮਗਰੋਂ ਗ੍ਰਿਫ਼ਤਾਰੀ:ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਨਾਕਾ ਲਗਾਇਆ ਹੋਇਆ ਸੀ ਅਤੇ ਨਾਕੇ ਦੇ ਦੌਰਾਨ ਜਦੋਂ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵੱਲੋਂ ਗੋਲੀ ਚਲਾਈ ਗਈ। ਇਸ ਤੋਂ ਬਾਅਦ ਐੱਸਟੀਐੱਫ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤਾਂ ਤਸਕਰ ਦੀ ਲੱਤ ਉੱਤੇ ਗੋਲੀ ਲੱਗੀ। ਜਿਸ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਂਦਾ ਗਿਆ ਹੈ।
ਨਸ਼ਾ ਤਸਕਰ ਦਾ ਇਲਜ਼ਾਮ:ਦੂਸਰੇ ਪਾਸੇ ਨਸ਼ਾ ਵੇਚਣ ਵਾਲੇ ਨੌਜਵਾਨ ਦਾ ਕਹਿਣਾ ਹੈ ਅਧਿਕਾਰੀਆਂ ਵੱਲੋਂ ਉਸ ਨਾਲ ਸੰਪਰਕ ਕਰਕੇ ਨਸ਼ਾ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸ ਵੱਲੋਂ ਇਹ ਨਸ਼ਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ। ਨਸ਼ਾ ਤਸਕਰ ਨੇ ਕਿਹਾ ਕਿ ਉਸ ਵੱਲੋਂ ਕੋਈ ਵੀ ਗੋਲੀ ਫਾਇਰ ਪੁਲਿਸ ਪਾਰਟੀ ਉੱਤੇ ਨਹੀਂ ਕੀਤਾ ਗਿਆ। ਤਸਕਰ ਨੇ ਕਿਹਾ ਕਿ ਜੋ ਪਿਸਤੌਲ ਉਸ ਕੋਲੋਂ ਬਰਾਮਦ ਹੋਇਆ ਹੈ, ਉਹ ਉਸ ਦੇ ਮਰਹੂਮ ਨਾਨੇ ਦਾ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਸੀ ਇਸ ਲਈ ਪਿਸਤੌਲ ਉਸ ਨੇ ਰੱਖਿਆ ਹੋਇਆ ਸੀ। ਮੁਲਜ਼ਮ ਨੇ ਅੱਗੇ ਕਿਹਾ ਕਿ ਉਸ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਸਿਰਫ ਇੱਕ ਮਹੀਨਾ ਹੀ ਨਸ਼ਾ ਵੇਚਦਿਆਂ ਹੋਇਆ ਹੈ।
ਇੱਥੇ ਦੱਸਣਯੋਗ ਹੈ ਕਿ ਐੱਸਟੀਐੱਫ ਵੱਲੋਂ ਲਗਾਤਾਰ ਹੀ ਨਸ਼ੇ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਨਜ਼ਦੀਕ ਪਹਿਲਾਂ ਵੀ ਤਿੰਨ ਨਸ਼ਾ ਤਸਕਰਾਂ ਨੂੰ ਐੱਸਟੀਐੱਫ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਪੁਲਿਸ ਵੱਲੋਂ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਾਸਤੇ ਪਲੈਨਿੰਗ ਕੀਤੀ ਗਈ ਅਤੇ ਤਸਕਰ ਨੂੰ ਫੋਨ ਕਰ ਨਸ਼ਾ ਮੰਗਵਾਇਆ ਗਿਆ, ਬਾਅਦ ਵਿੱਚ ਪੁਲਿਸ ਵੱਲੋਂ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦੀ ਲੱਤ ਵਿੱਚ ਵੀ ਗੋਲੀ ਲੱਗੀ ਹੈ।