ਚੰਡੀਗੜ੍ਹ ਡੈਸਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੰਗਾਮੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ। ਖਾਸ ਗੱਲ ਇਹ ਹੈ ਕਿ ਮੀਟਿੰਗ ਸ਼ੋਰਟ ਨੋਟਿਸ 'ਤੇ ਬੁਲਾਈ ਗਈ ਹੈ। ਸੂਤਰਾਂ ਅਨੁਸਾਰ ਇੱਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਬਾਰੇ ਫੈਸਲਾ ਲਿਆ ਹੈ। ਪਿਛਲੇ ਮਹੀਨੇ ਵੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੀ ਹੀ ਗੱਲ ਚੱਲੀ ਸੀ, ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਅਕਾਲੀ ਦਲ ਵਿੱਚ ਫੁੱਟ ਸ਼ੁਰੂ ਹੋ ਗਈ। ਪ੍ਰਕਾਸ਼ ਸਿੰਘ ਬਾਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸੁਖਬੀਰ ਬਾਦਲ ਦੇ ਕਰੀਬੀ ਆਹਮੋ-ਸਾਹਮਣੇ ਆ ਗਏ, ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਫੈਸਲੇ ਨੂੰ ਟਾਲ ਦਿੱਤਾ ਸੀ।
ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੋਣਾ ਚਾਹੀਦਾ ਜਥੇਦਾਰ ਬਣਾਉਣ ਦਾ ਅਧਿਕਾਰ :ਇਸ ਦੌਰਾਨ ਮੀਟਿੰਗ ਵਿੱਚ ਪਹੁੰਚੇ ਐਸਜੀਪੀਸੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹਟਾਉਣ ਦੇ ਬਾਰੇ ਗੁਰਚਰਨ ਸਿੰਘ ਗਰੇਵਾਲ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਜੱਥੇਦਾਰ ਦਾ ਕਾਰਜ ਖੇਤਰ ਜੱਥੇਦਾਰ ਨੂੰ ਨਿਯੁਕਤ ਕਰਨ ਦੀ ਵਿਧੀ ਜੱਥੇਦਾਰ ਨੂੰ ਹਟਾਉਣ ਦੀ ਵਿਧੀ ਇਸ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਇਕੱਲਾ ਸ਼੍ਰੌਮਣੀ ਕਮੇਟੀ ਕੋਲ ਇਸ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹੈ।
ਯੂਨੀਫ਼ਾਰਮ ਸਿਵਲ ਕੋਡ ਦੇਸ਼ ਨੂੰ ਤੋੜਨ ਵਾਲੇ ਪਾਸੇ ਲਿਜਾ ਸਕਦਾ :ਅੱਜ ਦੀ ਮੀਟਿੰਗ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਨੀਫ਼ਾਰਮ ਸਿਵਲ ਕੋਡ ਦੇਸ਼ ਨੂੰ ਤੋੜਨ ਵਾਲੇ ਪਾਸੇ ਲਿਜਾ ਸਕਦਾ ਹੈ। ਸਿੱਖ ਧਰਮ ਤੇ ਹੋਰ ਲੋਕ ਵੀ ਇਸਦੇ ਖ਼ਿਲਾਫ ਹੋਣਗੇ। ਉਨ੍ਹਾਂ ਕਿਹਾ ਦੇਸ਼ ਦੇ ਵਿੱਚ ਬੈਠੇ ਰਾਜ ਕਰਨ ਵਾਲੇ ਆਗੂਆਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਇਹ ਦੇਸ਼ ਨੂੰ ਤੋੜਨ ਵਾਲੇ ਪਾਸੇ ਜਾਵੇਗਾ। ਉਨ੍ਹਾਂ ਕਿਹਾ ਸਿੱਖਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ, ਸਿੱਖ ਕੌਮ ਹਮੇਸ਼ਾ ਸੱਚ ਦੀ ਗੱਲ ਕਰਦੀ ਹੈ।