ਪੰਜਾਬ

punjab

ETV Bharat / state

ਧੀ ਨੂੰ ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ - suicide over daughter's lack of justice

ਅੰਮ੍ਰਿਤਸਰ ਦੇ ਸੁੰਦਰ ਨਗਰ ਇਲਾਕੇ ਵਿੱਚ ਪੁਲਿਸ ਕੋਲੋਂ ਇਨਸਾਫ਼ ਨਾ ਮਿਲਣ ਕਾਰਨ ਪ੍ਰੇਸ਼ਾਨ ਇੱਕ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਬਜ਼ੁਰਗ ਜੋੜਾ 2015 ਤੋਂ ਸਹੁਰਿਆਂ ਵੱਲੋਂ ਕਤਲ ਕੀਤੀ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਭਟਕ ਰਿਹਾ ਸੀ।

ਧੀ ਨੂੰ ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ
ਧੀ ਨੂੰ ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ

By

Published : Oct 10, 2020, 8:24 PM IST

ਅੰਮ੍ਰਿਤਸਰ: ਸ਼ਹਿਰ ਦੇ ਸੁੰਦਰ ਨਗਰ ਇਲਾਕੇ ਵਿੱਚ ਪੰਜ ਸਾਲ ਪਹਿਲਾਂ ਕਤਲ ਕੀਤੀ ਗਈ ਆਪਣੀ ਧੀ ਨੂੰ ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਬਜ਼ੁਰਗ ਜੋੜੇ ਵੱਲੋਂ ਸ਼ਨੀਵਾਰ ਸਲਫ਼ਾਸ ਖਾ ਕੇ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਧੀ ਨੂੰ ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ

ਬਜ਼ੁਰਗ ਜੋੜੇ ਦੇ ਮੁੰਡੇ ਸੰਦੀਪ ਨੇ ਦੱਸਿਆ ਕਿ ਸਾਲ 2015 ਵਿੱਚ ਉਸ ਦੀ ਭੈਣ ਨੂੰ ਸਹੁਰਿਆਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਉਦੋਂ ਤੋਂ ਹੀ ਉਨ੍ਹਾਂ ਨੂੰ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲ ਰਿਹਾ ਹੈ। ਸਹੁਰੇ ਪਰਿਵਾਰ ਦੇ ਕਿਸੇ ਮੈਂਬਰ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਸ ਦੇ ਮਾਤਾ-ਪਿਤਾ ਨੇ ਉਸਦੀ ਮ੍ਰਿਤਕ ਭੈਣ ਨੂੰ ਇਨਸਾਫ਼ ਲਈ ਪੁਲਿਸ ਅਧਿਕਾਰੀਆਂ ਦੇ ਕਈ ਚੱਕਰ ਲਾਏ, ਪਰ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਉਸ ਦੇ ਮਾਤਾ-ਪਿਤਾ ਪ੍ਰੇੇਸ਼ਾਨ ਰਹਿੰਦੇ ਸਨ। ਪ੍ਰੇਸ਼ਾਨੀ ਦੇ ਚਲਦੇ ਕਈ ਵਾਰੀ ਘਰ ਵਿੱਚ ਵੀ ਲੜਾਈ ਹੋ ਜਾਂਦੀ ਸੀ।

ਉਸ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਨੇ ਵੀ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਨਾ ਹੀ ਉਸਦੀ ਭੈਣ ਨੂੰ ਇਨਸਾਫ਼ ਦੇਣ ਲਈ ਕੁੱਝ ਕੀਤਾ ਹੈ। ਉਸ ਨੇ ਕਿਹਾ ਕਿ ਪੁਲਿਸ ਅਧਿਕਾਰੀ ਪੈਸੇ ਲੈ ਕੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋਣ ਦੇ ਰਹੇ। ਸਿੱਟੇ ਵਜੋਂ ਉਸਦੇ ਮਾਤਾ-ਪਿਤਾ ਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ।

ਸੰਦੀਪ ਨੇ ਮੰਗ ਕੀਤੀ ਕਿ ਜਿਨ੍ਹਾਂ ਕਥਿਤ ਦੋਸ਼ੀਆਂ ਦੀ ਵਜ੍ਹਾ ਕਾਰਨ ਉਸਦੇ ਮਾਤਾ-ਪਿਤਾ ਨੇ ਖੁਦਕੁਸ਼ੀ ਕੀਤੀ ਹੈ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ। ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜੇ ਜਾਂਚ ਅਧਿਕਾਰੀ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਜੋੜੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਮਰੇ ਵਿੱਚੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਖੁਦਕੁਸ਼ੀ ਦਾ ਕਾਰਨ ਪੁਲਿਸ ਕੋਲੋਂ ਇਨਸਾਫ਼ ਨਾ ਮਿਲਣਾ ਦੱਸਿਆ ਗਿਆ ਹੈ।

ਸੁਸਾਈਡ ਨੋਟ ਵਿੱਚ ਉਨ੍ਹਾਂ ਲਿਖਿਆ ਕਿ ਬੇਟੀ ਦੀ ਹੱਤਿਆ ਤੋਂ ਬਾਅਦ, ਉਨ੍ਹਾਂ ਨੂੰ ਪੁਲਿਸ ਕੋਲੋਂ ਇਨਸਾਫ ਨਾ ਮਿਲਣ ਕਾਰਨ ਉਹ ਖੁਦਕੁਸ਼ੀ ਕਰ ਰਹੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details