ਅਜਨਾਲਾ ਨਿੱਜੀ ਸਕੂਲ ਵਿੱਚ ਅੱਠਵੀਂ ਕਲਾਸ ਦੇ ਬੱਚੇ ਦੀ ਮੌਤ ਅੰਮ੍ਰਿਤਸਰ:ਅਜਨਾਲਾ ਦੇ ਇਕ ਨਿੱਜੀ ਸਕੂਲ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਸਕੂਲ ਅੰਦਰ ਅੱਠਵੀਂ ਕਲਾਸ 'ਚ ਪੜ੍ਹਦੇ ਬੱਚੇ ਦੀ ਅੱਧੀ ਛੁੱਟੀ ਦੌਰਾਨ ਪੱਖੇ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈਕੇ ਬੱਚੇ ਦੇ ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਜਿਸ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਰੰਟ ਲੱਗਣ ਕਾਰਨ ਬੱਚੇ ਦੀ ਮੌਤ:ਇਸ ਮੌਕੇ ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੱਚਾ,ਜਿਸ ਦਾ ਨਾਮ ਅਰਜੁਨ ਹੈ ਅਤੇ ਨਿੱਜੀ ਸਕੂਲ 'ਚ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਬੱਚੇ ਨੂੰ ਪੱਖਾ ਉਤਾਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਪਿਤਾ ਦਾ ਕਹਿਣਾ ਕਿ ਉਨ੍ਹਾਂ ਦੇ ਬੱਚੇ ਨੂੰ ਜੇਕਰ ਸਮਾਂ ਰਹਿੰਦੇ ਹਸਪਤਾਲ ਲਿਆਂਦਾ ਗਿਆ ਹੁੰਦਾ ਤਾਂ ਉਸ ਦੀ ਮੌਤ ਨਾ ਹੁੰਦੀ।
ਪਰਿਵਾਰ ਨੇ ਸਕੂਲ 'ਤੇ ਲਾਏ ਕਈ ਇਲਜ਼ਾਮ: ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਸਕੂਲ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਪੁੱਤ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਅੱਗੇ ਵੀ ਕਈ ਵਾਰ ਸਕੂਲ ਵਲੋਂ ਬੱਚੇ ਨੂੰ ਅਜਿਹੇ ਕੰਮ ਕਰਨ ਲਈ ਕਿਹਾ ਜਾਂਦਾ ਸੀ, ਜਿਸ ਬਾਰੇ ਬੱਚੇ ਨੇ ਉਸ ਨੂੰ ਪਹਿਲਾਂ ਵੀ ਦੱਸਿਆ ਸੀ। ਇਸ ਨੂੰ ਲੈਕੇ ਹੁਣ ਪੀੜਤ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਸਕੂਲ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਜਾਂਚ ਦੀ ਕਹੀ ਗੱਲ:ਇਸ ਮੌਕੇ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ ਇਲਾਕੇ ਵਿੱਚ ਨਿੱਜੀ ਸਕੂਲ ਦੇ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਪੱਖੇ ਦੇ ਨਾਲ ਕਰੰਟ ਲੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇਲਜ਼ਾਮਾਂ 'ਤੇ ਪੁਲਿਸ ਝਾਂਚ ਕਰ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ।