ਅੰਮ੍ਰਿਤਸਰ: ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਅਕਸਰ ਹੀ ਰੋਜ਼ਗਾਰ ਦੀ ਭਾਲ ਤੇ ਵੱਧ ਪੈਸਾ ਕਮਾਉਣ ਦੀ ਲਲਸਾ ਵਿੱਚ ਵਿਦੇਸ਼ਾਂ ਵੱਲ ਆਪਣਾ ਰੁੱਖ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਮੁਸ਼ਿਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਵੀ ਚਲੇ ਜਾਂਦੇ ਹਨ।
ਅਜਿਹਾ ਹੀ ਮਾਮਲਾਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਨਾਲ ਸਬੰਧਿਤ 37 ਸਾਲਾ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਜੋ ਕਿ ਦੁਬਈ ਮਿਹਨਤ ਮਜ਼ਦੂਰੀ ਕਰਨ ਗਿਆ ਸੀ। ਪਰ ਕੋਰੋਨਾ ਮਹਾਂਮਾਰੀ ਕਾਰਨ ਜਿਸ ਕੰਪਨੀ ਵਿੱਚ ਰਣਜੀਤ ਸਿੰਘ ਕੰਮ ਕਰਦਾ ਸੀ, ਉਸ ਨੂੰ ਕੰਪਨੀ ਨੇ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਟੈਨਸ਼ਨ ਕਾਰਨ ਉਸ ਦੀ ਮੌਤ ਹੋ ਗਈ।
ਇਸੇ ਤਹਿਤ ਹੀ ਲੋਕਾਂ ਦੀ ਹਰ ਮੁਸ਼ਕਿਲ ਘੜੀ 'ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਨਾਲ ਸਬੰਧਿਤ 37 ਸਾਲਾ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਦਾ ਮ੍ਰਿਤਕ ਸਰੀਰ ਉਸ ਦੇ ਜੱਦੀ ਪਿੰਡ ਮੋਹਨ ਭੰਡਾਰੀਆਂ ਵਿਖੇ ਪਹੁੰਚਣ ਉਪਰੰਤ ਐਤਬਾਰ ਨੂੰ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂ ਡਾਕਟਰ ਸਤਨਾਮ ਸਿੰਘ ਨਿੱਝਰ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਕੁੱਝ ਵਰ੍ਹੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਦੁਬਈ ਦੀ ਇਕ ਕੰਪਨੀ 'ਚ ਬਤੌਰ ਡਰਾਈਵਰ ਕੰਮ ਕਰਦਾ ਸੀ। ਪਰ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ 'ਚ ਉਸ ਦੀ ਕੰਪਨੀ ਨੇ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ।