ਅੰਮ੍ਰਿਤਸਰ: ਪੰਜਾਬ ਦੇ ਵਿੱਚ ਬਣੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਰੇਕ ਪੰਜਾਬ ਦੇ ਨਾਗਰਿਕ ਨੂੰ 600 ਯੁਨਿਟ ਬਿਜਲੀ ਮੁਫ਼ਤ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਵੀ ਆਏ ਹਨ। ਪਰ ਪੰਜਾਬ ਵਿੱਚ ਜਿਸ ਤਰ੍ਹਾਂ ਹੀ ਗਰਮੀ ਸ਼ੁਰੂ ਹੋਈ ਅਤੇ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ। ਜਿਸਨੂੰ ਲੈਕੇ ਲੋਕਾਂ ਦਾ ਰੋਸ ਵੀ ਸੂਬਾ ਸਰਕਾਰ ਦੇ ਖਿਲਾਫ ਨਜ਼ਰ ਆ ਰਿਹਾ ਹੈ। ਜਿਥੇ ਲੋਕਾਂ ਨੇ ਕਿਹਾ ਕਿ ਸਾਨੂ ਮੁਫ਼ਤ ਬਿਜਲੀ ਪਾਣੀ ਭਾਵੇਂ ਨਾ ਦਿਓ ਪਰ ਸਾਨੂੰ ਸਹੂਲਤਾਂ ਤੋਂ ਵਾਂਝਾ ਨਾ ਕਰੋ। ਇਸ ਨੂੰ ਲੈਕੇ ਲੋਕਾਂ ਦਾ ਰੋਸ ਜਾਰੀ ਹੈ।
15 ਦਿਨ ਤੋਂ ਨਹੀਂ ਆਇਆ ਪਾਣੀ :ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਬਿਜਲੀ ਨਾ ਆਉਣ ਕਰਕੇ ਅੰਮ੍ਰਿਤਸਰ ਸ਼ਹਿਰ ਵਾਸੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਥੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਵੱਲੋਂ ਵੱਖ ਵੱਖ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਗਿਲਵਾਲੀ ਗੇਟ ਤੋਂ ਦੇਖਣ ਨੂੰ ਮਿਲੀਆਂ ਜਿਥੇ ਦਲਿਤ ਭਾਈਚਾਰੇ ਵੱਲੋਂ ਸੜਕਾਂ 'ਤੇ ਉੱਤਰਕੇ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਆਇਆ। ਰੋਸ ਕਰ ਰਹੇ ਲੋਕਾਂ ਨੇ ਕਿਹਾ ਕਿ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਮੇਨ ਸੜਕ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਅਗਰ ਅੱਜ ਬਿਜਲੀ ਅਤੇ ਪੀਣ ਵਾਲਾ ਪਾਣੀ ਨਾ ਆਇਆ ਤਾਂ ਉਹ ਵੱਡਾ ਇਕੱਠ ਕਰਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਜਾਮ ਕਰਨਗੇ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨਗੇ।