ਅੰਮ੍ਰਿਤਸਰ:ਪਾਕਿਸਤਾਨ ਵੱਲੋਂ ਭੇਜਿਆ ਇਕ ਹੋਰ ਡਰੋਨ ਬੀਐਸਐਫ ਦੇ ਜਵਾਨਾਂ ਵੱਲੋਂ ਢੇਰ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਇਆ ਅਧਿਕਾਰੀਆਂ ਵਲੋਂ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 07 ਜੂਨ 2023 ਨੂੰ ਕਰੀਬ 9:10 ਵਜੇ, ਡੂੰਘਾਈ ਵਿੱਚ ਤੈਨਾਤ ਬੀਐਸਐਫ ਦੇ ਜਵਾਨਾਂ ਨੇ ਪਿੰਡ - ਭੈਣੀ ਰਾਜਪੂਤਾਨਾ, ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਸ਼ੱਕੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਨਿਰਧਾਰਤ ਅਭਿਆਸ ਦੇ ਅਨੁਸਾਰ, ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਰੋਕਣ ਲਈ ਤੁਰੰਤ ਪ੍ਰਤੀਕਿਰਿਆ ਦਿੱਤੀ।
ਆਧੁਨਿਕ ਤਕਨੀਕਾਂ ਨਾਲ ਲੈਸ ਡਰੋਨ: ਇਸ ਦੌਰਾਨ ਡੂੰਘਾਈ ਨਾਲ ਤਾਇਨਾਤ ਪੁਲਿਸ ਨਾਕਾ ਪਾਰਟੀ ਵੀ ਬੀ.ਐਸ.ਐਫ ਪਾਰਟੀ ਦੇ ਨਾਲ ਆ ਗਈ ਅਤੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੂਤਾਨਾ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਟੁੱਟੀ ਹਾਲਤ ਵਿੱਚ ਇੱਕ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ ਮਾਡਲ ਇੱਕ DJI Matrice 300RTK ਸੀਰੀਜ਼ ਕਵਾਡਕਾਪਟਰ ਹੈ। ਚੌਕਸੀ ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਇੱਕ ਹੋਰ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ।
ਤਰਨਤਾਰਨ ਤੋਂ ਹੈਰੋਇਨ ਬਰਾਮਦ:ਤਰਨਤਾਰਨ ਦੇ ਪਿੰਡ ਵਾਨ ਵਿੱਚ ਬੀਤੀ ਰਾਤ ਨੂੰ ਡਰੋਨ ਦੀ ਹਰਕਤ ਸੁਣਾਈ ਦਿੱਤੀ। ਡਰੋਨ ਵਾਪਸ ਚਲਾ ਗਿਆ, ਪਰ ਜਵਾਨਾਂ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਰਾਤ ਨੂੰ ਹੀ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਅਤੇ ਜਵਾਨਾਂ ਦੀ ਕਾਰਵਾਈ ਨੂੰ ਦੇਖਦਿਆਂ ਖੇਪ ਚੁੱਕਣ ਲਈ ਆਇਆ ਤਸਕਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਭੱਜਣ ਲਈ ਮਜਬੂਰ ਹੋ ਗਿਆ।
ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਤਾਂ ਜੋ ਇਸ ਦੇ ਮਾਲਕ ਦਾ ਪਤਾ ਲਾਇਆ ਜਾ ਸਕੇ। ਇਸ ਦੌਰਾਨ ਜਦੋਂ ਜ਼ਬਤ ਕੀਤੀ ਗਈ ਖੇਪ ਦੀ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ 2.5 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 17.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
5 ਜੂਨ ਨੂੰ ਵੀ ਹੈਰੋਇਨ ਬਰਾਮਦ ਹੋਈ: ਇਸ ਤੋਂ ਪਹਿਲਾਂ, ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਤਨਖੁਰਦ ਵਿਖੇ ਫੌਜ ਨੇ ਇੱਕ ਪਾਕਿਸਤਾਨੀ ਡਰੋਨ, ਜੋ ਕਿ ਨਸ਼ੀਲਾ ਪਦਾਰਥ ਸੁੱਟਣ ਲਈ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਭੇਜਿਆ ਗਿਆ ਸੀ, ਨੂੰ ਫਾਇਰਿੰਗ ਕਰ ਕੇ ਸੁੱਟਿਆ ਗਿਆ। ਫੌਜ ਨੇ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਜਿਸ ਮਗਰੋਂ ਨੂੰ ਫੌਜ ਨੂੰ ਡਰੋਨ ਨਾਲ ਬੰਨ੍ਹਿਆ ਇਕ ਪੈਕੇਟ ਮਿਲਿਆ, ਜਿਸ ਵਿੱਚ 3 ਕਿਲੋ ਦੇ ਕਰੀਬ ਹੈਰੋਇਨ ਸੀ।