ਅੰਮ੍ਰਿਤਸਰ : ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸੇਖੜੀ ਦੀਆਂ ਅੱਜ ਕੱਲ ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਚਲ ਰਹੀਆਂ ਖਬਰਾਂ ਕਿ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਨੂੰ ਅੱਜ ਇਕ ਕਿਸਮ ਦਾ ਵਿਰਾਮ ਲੱਗ ਗਿਆ। ਹੋਇਆ ਇਹ ਕਿ ਸੋਸ਼ਲ ਮੀਡੀਆ ਤੇ ਚਲਦੀਆਂ ਚਰਚਾਵਾਂ ਨੂੰ ਦੇਖਦਿਆਂ ਕਾਂਗਰਸ ਹਾਈਕਮਾਨ ਨੇ ਡਾ. ਰਾਜ ਕੁਮਾਰ ਵੇਰਕਾ ਨੂੰ ਅਸ਼ਵਨੀ ਸੇਖੜੀ ਨੂੰ ਮਨਾਉਣ ਭੇਜਿਆ ਤੇ ਅਸ਼ਵਨੀ ਸੇਖੜੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦਾਅਵਾ ਕੀਤਾ ਕਿ ਅਸ਼ਵਨੀ ਸੇਖੜੀ ਕਿਤੇ ਨਹੀਂ ਜਾ ਰਹੇ ਕਿਉਂਕਿ ਉਹ ਕੱਲ੍ਹ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ।
ਡਾ. ਵੇਰਕਾ ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸੇਖੜੀ ਦੇ ਘਰ ਰਣਜੀਤ ਐਵੀਨਿਊ ਅੰਮ੍ਰਿਤਸਰ ਪਹੁੰਚੇ। ਮੀਡੀਆ ਵਲੋਂ ਸਵਾਲ ਕੀਤੇ ਗਏ ਕਿ ਅਸ਼ਵਨੀ ਸੇਖੜੀ ਕਾਂਗਰਸ ਛੱਡ ਅਕਾਲੀ ਦਲ ਵਿੱਚ ਜਾ ਰਹੇ ਹਨ ਤਾਂ ਇਸ ਉਤੇ ਜਵਾਬ ਦਿੰਦਿਆਂ ਵੇਰਕਾ ਨੇ ਕਿਹਾ ਕਿ ਉਹ ਕਿਤੇ ਨਹੀਂ ਜਾਣਗੇ ,ਉਹ ਮੇਰੇ ਪੁਰਾਣੇ ਮਿੱਤਰ ਹਨ। ਇਸ ਕਰਕੇ ਮੈਂ ਉਨ੍ਹਾਂ ਨੂੰ ਮਿਲਣ ਲਈ ਆਇਆ ਹਾਂ, ਉਹ ਮੇਰੀ ਗੱਲ ਕਦੇ ਨਹੀਂ ਮੋੜਨਗੇ।