ਅੰਮ੍ਰਿਤਸਰ: ਪੰਜਾਬ ਵਿੱਚ ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਹੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੀ ਆਵਾਜ਼ ਸੁਣੀ ਜਾ ਰਹੀ ਅਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਜਿਸ ਦੇ ਚੱਲਦੇ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪਹੁੰਚੇ ਅਤੇ ਉਨ੍ਹਾਂ ਵੱਲੋਂ 100 ਦੇ ਕਰੀਬ ਗ਼ਰੀਬ ਪਰਿਵਾਰਾਂ ਦੇ 50 ਹਜ਼ਾਰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਦਿੱਤੇ ਗਏ ਤੇ ਉਨ੍ਹਾਂ ਨੂੰ ਵਾਅਦਾ ਕੀਤਾ ਕਿ ਕੱਚੇ ਮਕਾਨਾਂ ਦੀਆਂ ਛੱਤਾਂ ਪਾਉਣ ਵਾਸਤੇ ਵੀ 1 ਲੱਖ 75 ਹਜ਼ਾਰ ਦੇ ਚੈੱਕ ਜਲਦ ਹੀ ਉਨ੍ਹਾਂ ਨੂੰ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਅਜੀਬੋ ਗ਼ਰੀਬ ਗਰੰਟੀਆਂ ਦੇ ਰਹੇ ਹਨ, ਪਹਿਲੇ ਉਨ੍ਹਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਨੂੰ ਗਾਰੰਟੀ ਦੇਣੀ ਚਾਹੀਦੀ ਹੈ। ਕਿਉਂਕਿ ਭਗਵੰਤ ਮਾਨ ਤਾਂ ਖ਼ੁਦ ਕੇਜਰੀਵਾਲ ਨੂੰ ਡਰਾ ਰਿਹਾ ਹੈ ਕਿ ਉਸ ਨੂੰ ਦੂਸਰੀਆਂ ਪਾਰਟੀਆਂ ਵਿੱਚੋਂ ਆਫ਼ਰ ਆ ਰਹੀ ਹੈ।