Desecration of Gutka Sahib : ਅੰਮ੍ਰਿਤਸਰ 'ਚ ਗੁਟਕਾ ਸਾਹਿਬ, ਪੋਥੀਆਂ ਅਤੇ ਧਾਰਮਿਕ ਪੁਸਤਕਾਂ ਦੀ ਹੋਈ ਬੇਅਦਬੀ
ਅੰਮ੍ਰਿਤਸਰ :ਅੰਮ੍ਰਿਤਸਰ ਦੇ ਮਸ਼ਹੂਰ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਛਾਪੇ ਜਾ ਰਹੇ ਗੁਟਕਾ ਸਾਹਿਬ ਅਤੇ ਪੋਥੀਆਂ ਦੇ ਕਾਰਖਾਨੇ ਵਿੱਚ ਅੱਜ ਸਤਿਕਾਰ ਕਮੇਟੀ ਦੇ ਆਗੂਆ ਵਲੋਂ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਛਾਪਾਮਾਰੀ ਕੀਤੀ ਗਈ। ਮੌਕੇ ਉੱਤੇ ਤੰਬਾਕੂ ਦੀਆਂ ਪੁੜੀਆਂ, ਸਿਗਰਟਾਂ ਅਤੇ ਸ਼ਰਾਬ ਦੀਆ ਖਾਲੀ ਬੋਤਲਾਂ ਵੀ ਬਰਾਮਦ ਹੋਈਆਂ ਹਨ। ਇਸ ਸੰਬਧੀ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਗਈ ਹੈ।
ਮੌਕੇ ਤੋਂ ਮਿਲੀਆਂ ਇਤਰਾਜ਼ਯੋਗ ਚੀਜ਼ਾਂ:ਇਸ ਸੰਬਧੀ ਜਾਣਕਾਰੀ ਦਿੰਦਿਆ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਗੂ ਬਾਈ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਇੱਥੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਛਪਾਈ ਮੌਕੇ ਤੰਬਾਕੂ, ਸਿਗਰੇਟ ਅਤੇ ਦਾਰੂ ਦੀਆ ਬੋਤਲਾਂ ਬਰਾਮਦ ਹੋਈਆਂ ਹਨ। ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕਰਕੇ ਵੱਡੀ ਬੇਅਦਬੀ ਦੀ ਘਟਨਾ ਦਾ ਖੁਲਾਸਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਕਈ ਇਤਰਾਜ਼ਯੋਗ ਚੀਜਾਂ ਪਈਆਂ ਸਨ ਅਤੇ ਇਨ੍ਹਾਂ ਦੀ ਵੀਡੀਓਗ੍ਰਾਫੀ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਦਿਤੀ ਗਈ ਹੈ। ਪੁਲਿਸ ਨੇ ਖੁਦ ਵੀ ਮੌਕਾ ਦੇਖਿਆ ਹੈ।
ਬੇਅਦਬੀ ਨਾਲ ਸੰਗਤ ਦੇ ਮਨਾਂ ਨੂੰ ਪਹੁੰਚੀ ਠੇਸ: ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਗੂ ਬਾਈ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਛਾਪਾਖਾਨੇ ਵਿੱਚ ਛਪ ਰਹੇ ਗੁਟਕਾ ਸਾਹਿਬ ਉਪਰ ਧੂੜ ਮਿੱਟੀ ਵੀ ਜੰਮੀ ਹੋਈ ਸੀ। ਹਾਲਾਤ ਬਹੁਤ ਬੁਰੇ ਸਨ। ਉਨ੍ਹਾਂ ਕਿਹਾ ਕਿ ਧਾਰਮਿਕ ਪੁਸਤਕਾਂ ਅਤੇ ਪੋਥੀਆਂ ਦਾ ਹਾਲ ਦੇਖ ਕੇ ਲੋਕਾਂ ਦੇ ਮਨਾਂ ਨੂੰ ਕਰਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਅਣਗਹਿਲੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ:Action against Pearl Group: ਪਰਲ ਗਰੁੱਪ 'ਤੇ ਐਕਸ਼ਨ ਕਰਨ ਦੀ ਤਿਆਰੀ 'ਚ ਪੰਜਾਬ ਸਰਕਾਰ, ਸੀਐੱਮ ਮਾਨ ਪੂਰੇ ਪੰਜਾਬ ਦੇ ਅਫਸਰਾਂ ਨਾਲ ਮਾਮਲੇ ਨੂੰ ਲੈ ਕੇ ਕੀਤੀ ਮੀਟਿੰਗ
ਪੁਲਿਸ ਨੇ ਸਖਤ ਕਾਰਵਾਈ ਦੀ ਕਹੀ ਗੱਲ:ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਥਾਣਾ ਡਿਵੀਜ਼ਨ ਦੇ ਐੱਸਐੱਚਓ ਸ਼ਿਵਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਅੱਜ ਹੀ ਸਾਨੂੰ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਤੋਂ ਬਾਅਦ ਮੌਕਾ ਦੇਖਿਆ ਗਿਆ ਹੈ ਅਤੇ ਸਾਰੀ ਘਟਨਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਮਾਮਲਾ ਦਰਜ ਕਰਕੇ ਮੁਲਜ਼ਮਾਂ ਤੇ ਕਾਰਵਾਈ ਕੀਤੀ ਜਾਵੇਗੀ।