ਤੇਜ਼ੀ ਨਾਲ ਵਧ ਰਹੇ ਡੇਂਗੂ ਤੇ ਚਿਕਨਗੁਨੀਆ ਦੇ ਕੇਸ, ਸਿਵਲ ਸਰਜਨ ਨੇ ਦਿੱਤੀਆਂ ਇਹ ਖਾਸ ਹਿਦਾਇਤਾਂ ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਡੇਂਗੂ, ਚਿਕਨਗੁਨੀਆ ਤੇ ਅੱਖਾਂ ਵਿੱਚ ਫਲੂ ਸਬੰਧੀ ਬਿਮਾਰੀਆਂ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਸਬੰਧੀ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਵਿਸ਼ੇਸ਼ ਗੱਲਬਾਤ ਕਰਦਿਆ ਦੱਸਿਆ ਕਿ ਡੇਂਗੂ ਦੇ 132 ਅਤੇ ਚਿਕਨਗੁਨੀਆ ਦੇ 93 ਮਰੀਜ਼ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ ਹੈ।
ਸਰਕਾਰੀ ਹਸਪਤਾਲ 'ਚ ਪੂਰਾ ਪ੍ਰਬੰਧ:ਸਿਵਲ ਸਰਜਨ ਨੇ ਕਿਹਾ ਕਿ ਹਰ ਸ਼ੁੱਕਰਵਾਰ ਡੇਂਗੂ ਅਤੇ ਚਿਕਨਗੁਨੀਆ ਨੂੰ ਲੈਕੇ ਸਾਡੇ ਵਿਭਾਗ ਵੱਲੋਂ ਇਲਾਕਿਆਂ ਵਿੱਚ ਟੀਮਾਂ ਚੈਕਿੰਗ ਲਈ ਤੇ ਸਪ੍ਰੇ ਲਈ ਭੇਜੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ 250 ਦੇ ਕਰੀਬ ਬੈਡ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਦੇ ਅੰਦਰ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਤਿਆਰ ਕੀਤੇ ਗਏ ਹਨ। ਹਸਪਤਾਲ ਵਿੱਚ ਮਰੀਜ਼ਾਂ ਲਈ ਦਵਾਈਆਂ ਦਾ ਇੱਕ ਵਿਸ਼ੇਸ਼ ਪੈਕੇਜ ਵੀ ਹੈ।
ਮਹਿੰਗੀਆਂ ਦਵਾਈਆਂ ਵੇਚਣ 'ਤੇ ਹੋਵੇਗੀ ਕਾਰਵਾਈ:ਸਿਵਲ ਸਰਜਨ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਉੱਤੇ ਵੀ ਪੁਰੀ ਨਜ਼ਰ ਰੱਖੀ ਜਾ ਰਹੀ ਹੈ। ਸਿਵਲ ਸਰਜਨ ਵੱਲੋ ਮਹਿੰਗੇ ਰੇਟ ਉੱਤੇ ਦਵਾਈਆ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਸ ਦੁਕਾਨਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਆਪਣਾ ਵਧੀਆ ਤਰੀਕੇ ਨਾਲ ਇਲਾਜ ਕਰਵਾਓ।
ਬਿਮਾਰੀਆਂ ਤੋਂ ਬਚਣ ਲਈ ਖਾਸ ਹਿਦਾਇਤਾਂ:ਜਾਣਕਾਰੀ ਦਿੰਦਿਆਂ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਹ ਆਪਣੇ ਆਲੇ-ਦੁਆਲੇ ਗੰਦਗੀ ਨਾ ਫੈਲਣ ਦੇਣ ਅਤੇ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ। ਉਨ੍ਹਾਂ ਕਿਹਾ ਕਿ ਅੱਖਾਂ ਦੇ ਫਲੂ ਦੇ ਮਰੀਜ਼ ਵੀ ਸਾਹਮਣੇ ਆ ਰਹੇ ਹਨ, ਜਿਸ ਲਈ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਅੱਖਾਂ ਦੇ ਫਲੂ ਨਾਲ ਪੀੜਤ ਮਰੀਜ਼ ਨੂੰ ਖੁਦ ਸਾਵਧਾਨੀ ਵਰਤਣੀ ਹੋਵੇਗੀ ਜਿਸ ਨਾਲ ਹੋਰ ਇਹ ਫਲੂ ਅੱਗੇ ਤੋਂ ਅੱਗੇ ਨਹੀਂ ਫੈਲੇਗਾ।