ਅੰਮ੍ਰਿਤਸਰ: ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਲਗਪਗ 1 ਸਾਲ ਬੈਠ ਕੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਇਆ। ਪਰ ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਬਾਰਡਰ 'ਤੇ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਦੇਖਣ ਨੂੰ ਮਿਲੇ। ਜੇਕਰ ਗੱਲ ਕਰੀਏ ਤਾਂ 26 ਜਨਵਰੀ ਤੋਂ ਬਾਅਦ 28 ਅਤੇ 29 ਜਨਵਰੀ 2021 ਨੂੰ ਦਿੱਲੀ ਦੇ ਬਾਰਡਰ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਜਿਸ ਵਿੱਚ ਕਿ ਕਈ ਕਿਸਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਤੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਉਸ ਦੇ ਰੋਸ ਵਜੋਂ ਇੱਕ ਸਾਲ ਪੂਰਾ ਹੋਣ 'ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਗੋਲਡਨ ਗੇਟ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ 'ਤੇ ਹੋਈ ਤਸ਼ਦਦ ਦੇ ਰੋਸ ਵੱਜੋਂ ਕਿਸਾਨਾਂ ਵੱਲੋ ਰੋਸ ਪ੍ਰਦਰਸ਼ਨ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 29 ਜਨਵਰੀ ਨੂੰ ਦਿੱਲੀ ਬਾਰਡਰ ਦੇ ਉੱਤੇ ਆਰ.ਐੱਸ.ਐੱਸ ਦੇ ਗੁੰਡਿਆਂ ਤੇ ਪੁਲਿਸ ਨੇ ਮਿਲ ਕੇ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਸੀ। ਜਿਸ ਦੌਰਾਨ ਕਿ ਕਈ ਕਿਸਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਅਤੇ ਸਰਕਾਰ ਨੇ ਉਨ੍ਹਾਂ ਗੁੰਡਿਆਂ ਨੂੰ ਆਪਣੀ ਸਹਿ ਅਜੇ ਤੱਕ ਦਿੱਤੀ ਹੋਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕੋਈ ਬਣਦੀ ਕਾਰਵਾਈ ਨਹੀਂ ਕੀਤੀ।
ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਗੋਲਡਨ ਗੇਟ 'ਤੇ ਵੀ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਤੇ ਅੱਜ ਦੇ ਦਿਨ ਨੂੰ ਕਾਲੇ ਦਿਹਾੜੇ ਵਜੋਂ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਸਾਂਝਾ ਪ੍ਰੋਗਰਾਮ 31 ਜਨਵਰੀ ਨੂੰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਐੱਮ.ਐੱਸ.ਪੀ ਦੀ ਗਾਰੰਟੀ ਅਤੇ ਅਜੇ ਮਿਸ਼ਰਾ ਟਹਿਣੀ ਨੂੰ ਗ੍ਰਿਫ਼ਤਾਰੀ ਦੀ ਮੰਗ ਮੁੱਖ ਤੌਰ 'ਤੇ ਰੱਖੀ ਜਾਵੇਗੀ ਅਤੇ ਉਸਦਾ ਸਮਰਥਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਕਰੇਗੀ।
ਇਹ ਵੀ ਪੜੋ:- ਅੰਮ੍ਰਿਤਸਰ ਹਲਕਾ ਪੂਰਬੀ ਤੋਂ ਨਵਜੋਤ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
ਜ਼ਿਕਰਯੋਗ ਹੈ ਕਿ ਦਿੱਲੀ ਦੇ ਬਾਰਡਰ ਦੇ ਕਿਸਾਨਾਂ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ਤੱਕ ਟਰੈਕਟਰ ਮਾਰਚ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਦੇ ਧਰਨੇ ਨੂੰ ਖਦੇੜਨ ਲਈ 28 ਅਤੇ 29 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਹਮਲਾ ਕੀਤਾ ਗਿਆ। ਜਿਸ ਦੌਰਾਨ ਸੈਂਕੜੇ ਕਿਸਾਨ ਜ਼ਖ਼ਮੀ ਹੋਏ ਸਨ ਅੱਜ ਇਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਇੱਥੇ ਕੀਤੇ ਜਾ ਰਹੇ ਹਨ।