ਅੰਮ੍ਰਿਤਸਰ: ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਨੂੰ 5 ਇਤਿਹਾਸਕ ਸਥਾਨਾਂ ਨਾਲ ਜੋੜਣ ਤੇ ਗਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ 'ਚ ਮਿਲੀ ਮਨਜ਼ੂਰੀ 'ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰੈੱਸ ਵਾਰਤਾ ਕੀਤਾ। ਅਕਾਲੀ ਆਗੂ ਨੇ ਇਸ ਪ੍ਰੈਸ ਵਾਰਤੇ 'ਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਹਾਈਵੇ ਪ੍ਰੋਜੈਕਟ 'ਚ ਅੰਮ੍ਰਿਤਸਰ ਦੇ ਸ਼ਾਮਲ ਹੋਣ ਦਾ ਸਾਰਾ ਸ਼ਰੇਅ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਤੇ ਕਿਹਾ ਕਿ ਇਹ ਸਭ ਇਨ੍ਹਾਂ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ 2016 'ਚ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਤਾਂ ਜੋ ਦਿੱਲੀ ਤੋਂ ਸਿੱਧਾ ਅੰਮ੍ਰਿਤਸਰ ਦੂਰੀ ਨੂੰ ਘੱਟ ਸਮੇਂ 'ਚ ਪੂਰੀ ਕੀਤੀ ਜਾ ਸਕੇ। ਇਸ ਪ੍ਰੋਜੈਕਟ 'ਚ ਉਨ੍ਹਾਂ ਨੇ ਅੰਮ੍ਰਿਤਸਰ ਨੂੰ ਵੀ ਸ਼ਾਮਲ ਰੱਖਿਆ ਸੀ। ਜਦੋਂ 2017 'ਚ ਸੱਤਾ ਬਦਲੀ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੀ.ਡਬਲਿਊ.ਡੀ ਮੰਤਰੀ ਅਤੇ ਵਿਜੈ ਇੰਦਰ ਸਿੰਗਲਾ ਦੇ ਕਹਿਣ 'ਤੇ ਅੰਮ੍ਰਿਤਸਰ ਨੂੰ ਬਾਹਰ ਕੱਢ ਦਿੱਤਾ ਸੀ। ਅਕਾਲੀ ਪ੍ਰਧਾਨ ਦੀ ਲਗਾਤਾਰ ਕੋਸ਼ਿਸ਼ ਦੌਰਾਨ ਹੀ ਇਸ ਪ੍ਰੋਜੈਕਟ 'ਚ ਹੁਣ ਅੰਮ੍ਰਿਤਸਰ ਦੇ ਨਾਲ ਨਕੋਦਰ, ਸੁਲਤਾਨਪੁਰ ਲੋਧੀ, ਤਰਨਤਾਰਨ, ਗੋਇੰਦਵਾਲ ਵੀ ਸ਼ਾਮਲ ਹੋ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਜਿਹੜਾ ਸਭ ਤੋਂ ਪਹਿਲਾਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਦਾ ਰਸਤਾ ਬਣਿਆ ਸੀ ਉਸ 'ਚ ਬਰਨਾਲਾ, ਮੋਗਾ, ਅੰਮ੍ਰਿਤਸਰ ਸ਼ਾਮਲ ਸੀ ਪਰ ਕੈਪਟਨ ਸਿੰਘ ਨੇ ਉਸ ਰਸਤੇ 'ਚ ਤਬਦੀਲੀ ਕਰਕੇ ਉਸ ਨੂੰ ਸਿੱਧਾ ਕਰਤਾਰਪੁਰ ਤੋਂ ਗੁਰਦਾਸਪੁਰ ਵੱਲ ਕਰ ਦਿੱਤਾ ਸੀ।