ਅੰਮ੍ਰਿਤਸਰ:ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦਾ ਭੰਡਾਰੀ ਪੁੱਲ ਉੱਤੇ ਹਾਦਸਾ ਹੋ ਗਿਆ ਸੀ ਅਤੇ ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਜ਼ੇਰੇ ਇਲਾਜ਼ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਪਰਿਵਾਰ ਉੱਤੇ ਮੁਲਜ਼ਮ ਖਿਲਾਫ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਨੌਜਵਾਨ ਦੀ ਮੌਤ ਤੋਂ ਗੁੱਸੇ ਵਿੱਚ ਪਰਿਵਾਰ ਨੇ ਕੀਤਾ ਧਰਨੇ ਦਾ ਐਲਾਨ:ਦਰਅਸਲ 19 ਜੂਨ ਨੂੰ ਮ੍ਰਿਤਕ ਨੌਜਵਾਨ ਮੀਤ ਦੇਰ ਰਾਤ ਭੰਡਾਰੀ ਪੁੱਲ ਤੋਂ ਲੰਘ ਰਿਹਾ ਸੀ ਕਿ ਇੱਕ ਤੇਜ ਕਾਰ ਚਾਲਕ ਨੇ ਉਸ ਉੱਤੇ ਕਾਰ ਚੜ੍ਹਾ ਦਿੱਤੀ ਤੇ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ ਤੇ ਉਸ ਦੀ 20 ਦਿਨਾਂ ਬਾਅਦ ਜ਼ੇਰੇ ਇਲਾਜ਼ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਆਪਣੀ ਗੱਡੀ ਲੈਕੇ ਫਰਾਰ ਹੋ ਗਿਆ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ, ਪਰ ਪੁਲਿਸ ਵੱਲੋਂ 20 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਲੈਕੇ ਹੁਣ ਗੁੱਸੇ 'ਚ ਆਏ ਪੀੜਤ ਪਰਿਵਾਰ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਜਲਦ ਤੋਂ ਜਲਦ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਦੇਣਗੇ।