ਅੰਮ੍ਰਿਤਸਰ:ਖਾੜੀ ਮੁਲਕਾਂ 'ਚ ਕੰਮ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ 'ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਨਾਲ ਸਬੰਧਿਤ 66 ਸਾਲਾ ਗੁਰਦੇਵ ਸਿੰਘ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਬਿਹਤਰ ਬਨਾਉਣ ਲਈ ਸੰਨ 1980 ਤੋਂ ਦੁਬਈ ਵਿਖੇ ਮਿਹਨਤ ਕਰ ਰਿਹਾ ਸੀ।
ਸਰਬੱਤ ਦਾ ਭਲਾ ਟਰੱਸਟ ਦੀ ਮਦਦ ਨਾਲ ਦੁਬਈ ਤੋਂ ਭਾਰਤ ਪੁੱਜਾ ਪਾਰਥਿਵ ਸਰੀਰ ਉਸ ਨੇ ਆਪਣੀ ਸਖ਼ਤ ਮਿਹਨਤ ਦੀ ਬਦੌਲਤ ਇੱਥੇ ਟਰਾਂਸਪੋਰਟ ਦਾ ਬਹੁਤ ਵਧੀਆ ਕਾਰੋਬਾਰ ਚਲਾ ਲਿਆ ਸੀ। ਜਾਣਕਾਰੀ ਅਨੁਸਾਰ ਜਿਸ ਕੰਪਨੀ 'ਚ ਉਸ ਦੇ ਟਰੱਕ ਚੱਲਦੇ ਸਨ। ਉਸ ਕੰਪਨੀ ਦਾ ਮਾਲਕ ਕੰਪਨੀ ਬੰਦ ਕਰ ਕੇ ਭੱਜ ਗਿਆ ਸੀ ਅਤੇ ਗੁਰਦੇਵ ਸਿੰਘ ਹੁਣ ਬਿਨਾਂ ਵੀਜ਼ੇ ਤੋਂ ਹੀ ਇੱਥੇ ਰਹਿ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਬਦਕਿਸਮਤੀ ਨਾਲ ਬੀਤੀ 22 ਫਰਵਰੀ ਸਵੇਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਸਬੰਧੀ ਉਨ੍ਹਾਂ ਨਾਲ ਗੁਰਦੇਵ ਸਿੰਘ ਦੇ ਸਬੰਧੀਆਂ ਨੇ ਸੰਪਰਕ ਕਰ ਕੇ ਮ੍ਰਿਤਕ ਦੇਹ ਭਾਰਤ ਪਹੁੰਚਾਉਣ 'ਚ ਸਹਿਯੋਗ ਕਰਨ ਲਈ ਕਿਹਾ ਸੀ।
ਜਿਸ ਤੇ ਉਨ੍ਹਾਂ ਦੁਬਈ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਗੁਰਦੇਵ ਸਿੰਘ ਦੇ ਮ੍ਰਿਤਕ ਸਰੀਰ ਨੂੰ ਦੁਬਈ ਤੋਂ ਭਾਰਤ ਭੇਜਿਆ ਹੈ। ਇਸ ਸਮੁੱਚੀ ਕਾਰਵਾਈ ਦੌਰਾਨ ਡਾ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਵੀ ਵਿਸ਼ੇਸ਼ ਭੂਮਿਕਾ ਰਹੀ ਹੈ।
ਪੀੜਤ ਪਰਿਵਾਰ ਨਾਲ ਹਵਾਈ ਅੱਡੇ ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਮਾਂਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ ਚਮਿਆਰੀ,ਨਵਜੀਤ ਸਿੰਘ ਘਈ,ਸ਼ਿਸ਼ਪਾਲ ਸਿੰਘ, ਪਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 292 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਮ੍ਰਿਤਕ ਗੁਰਦੇਵ ਸਿੰਘ ਦੇ ਭਤੀਜੇ ਗੁਰਦੇਵ ਸਿੰਘ,ਭਰਾ ਸੁਖਮਿੰਦਰ ਸਿੰਘ ਅਤੇ ਕੁੰਨਣ ਸਿੰਘ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ 'ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ:-ਨੌਜਵਾਨ ਵੱਲੋਂ ਖੁਦਕੁਸ਼ੀ, ਪਰਿਵਾਰ ਵੱਲੋਂ ਵਿਆਹੁਤਾ ਮਹਿਲਾ ’ਤੇ ਮੌਤ ਦੇ ਇਲਜ਼ਾਮ'